ਵਿੱਕੀ-ਕੈਟਰੀਨਾ ਦੇ ਵਿਆਹ ‘ਚ ਸ਼ਾਮਲ ਹੋਏ ਮਹਿਮਾਨਾਂ ਨੂੰ ਮਿਲੇ ਖ਼ਾਸ ਤੋਹਫ਼ੇ, ਤਸਵੀਰਾਂ ਵਾਇਰਲ
Friday, Dec 10, 2021 - 05:11 PM (IST)
ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਇਹ ਵਿਆਹ ਪੂਰੇ ਪੰਜਾਬੀ ਸਟਾਈਲ ‘ਚ ਹੋਇਆ ਹੈ। ਕੈਟਰੀਨਾ ਨੇ ਲਾਲ ਰੰਗ ਦਾ ਜੋੜਾ ਪਾਇਆ ਹੋਇਆ ਸੀ। ਜਦੋਂਕਿ ਵਿੱਕੀ ਕੌਸ਼ਲ ਕਰੀਮ ਰੰਗ ਦੀ ਸ਼ੇਰਵਾਨੀ ‘ਚ ਨਜ਼ਰ ਆਏ। ਵਿਆਹ ਹੋਣ ਤੋਂ ਮਗਰੋਂ ਮਹਿਮਾਨਾਂ ਨੂੰ ਮਠਿਆਈ ਵੀ ਦਿੱਤੀ ਗਈ। ਮਠਿਆਈ ‘ਚ ਸੱਕਰਪਾਰੇ, ਮੱਠੀਆਂ ਅਤੇ ਲੱਡੂ ਸਨ। ਇਸ ਮਠਿਆਈ ਵਾਲੇ ਡੱਬੇ ਦੇ ਨਾਲ ਵਿਆਹ ‘ਚ ਸ਼ਾਮਲ ਹੋਏ ਮਹਿਮਾਨਾਂ ਨੂੰ ਕੈਟਰੀਨਾ ਅਤੇ ਵਿੱਕੀ ਕੌਸ਼ਲ ਵੱਲੋਂ ਲਿਖੀ ਗਈ ਇਕ ਚਿੱਠੀ ਵੀ ਦਿੱਤੀ ਗਈ।
ਜਿਸ ‘ਚ ਵਿਆਹ ‘ਚ ਸ਼ਾਮਲ ਹੋਣ ਆਏ ਇਨ੍ਹਾਂ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ ਗਿਆ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਵਿਆਹ ‘ਚ ਗੁਰਦਾਸ ਮਾਨ ਉਨ੍ਹਾਂ ਦੀ ਪਤਨੀ ਮਨਜੀਤ ਮਾਨ, ਨੂੰਹ ਸਿਮਰਨ ਕੌਰ ਮੁੰਡੀ ਸਣੇ ਕਈ ਹੋਰ ਕਲਾਕਾਰ ਵੀ ਸ਼ਾਮਲ ਹੋਏ ਸਨ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਇਸ ਵਿਆਹ ਨੂੰ ਲੈ ਕੇ ਦੋਵਾਂ ਦੇ ਪ੍ਰਸ਼ੰਸਕ ਵੀ ਉਤਸ਼ਾਹਿਤ ਸਨ। ਰਾਜਸਥਾਨ ਦੇ ਸਵਾਈ ਮਾਧੋਪੁਰ ‘ਚ ਦੋਵਾਂ ਨੇ ਪੂਰੇ ਰਜਵਾੜਿਆਂ ਵਾਲੇ ਅੰਦਾਜ਼ ‘ਚ ਵਿਆਹ ਕਰਵਾਇਆ। ਪਰ ਦੋਵਾਂ ਨੇ ਵਿਆਹ ਨੂੰ ਬਹੁਤ ਹੀ ਪ੍ਰਾਈਵੇਟ ਰੱਖਿਆ ਹੋਇਆ ਸੀ ਅਤੇ ਵਿਆਹ ‘ਚ ਕਿਸੇ ਵੀ ਤਰ੍ਹਾਂ ਦਾ ਮੋਬਾਈਲ ਫੋਨ, ਡਰੋਨ ਜਾਂ ਕਿਸੇ ਹੋਰ ਤਰ੍ਹਾਂ ਦੀ ਵੀਡੀਓਗ੍ਰਾਫੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਸੀ। ਜਿਸ ਜਗ੍ਹਾ ‘ਤੇ ਇਹ ਪੈਲੇਸ ਬਣਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਇਹ ਪੰਦਰਾਂ ਸੌ ਫੁੱਟ ਦੀ ਉਚਾਈ ‘ਤੇ ਸਥਿਤ ਹੈ। ਰਣਥੰਭੌਰ ਕਿਲੇ ‘ਚ ਸਦੀਆਂ ਪੁਰਾਣਾ ਗਣੇਸ਼ ਮੰਦਰ ਦਾ ਉਹ ਅਸਥਾਨ ਵੀ ਮੌਜੂਦ ਹੈ। ਜਿੱਥੇ ਵਿਆਹ ਤੋਂ ਬਾਅਦ ਨਵ-ਵਿਆਹੇ ਜੋੜੇ ਮੱਥਾ ਟੇਕਣ ਲਈ ਜਾਂਦੇ ਹਨ।