ਐਕਸ਼ਨ, ਸਸਪੈਂਸ ਤੇ ਥ੍ਰਿਲਰ ਨਾਲ ਭਰਿਆ ਫਿਲਮ ‘ਸ਼ੌਂਕੀ ਸਰਦਾਰ’ ਦਾ ਟ੍ਰੇਲਰ ਰਿਲੀਜ਼
Tuesday, May 06, 2025 - 05:20 PM (IST)

ਜਲੰਧਰ (ਬਿਊਰੋ)– ਪੰਜਾਬੀ ਫਿਲਮ ਇੰਡਸਟਰੀ ’ਚ ਅਜਿਹਾ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਕਿ ਕਿਸੇ ਇਕੋ ਫਿਲਮ ’ਚ ਸਾਨੂੰ ਐਕਸ਼ਨ, ਸਸਪੈਂਸ, ਮਿਸਟਰੀ, ਥ੍ਰਿਲਰ, ਰੋਮਾਂਸ ਤੇ ਫੈਮਿਲੀ ਡਰਾਮਾ ਵੇਖਣ ਨੂੰ ਮਿਲੇ ਪਰ ਹੁਣ ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਇਕੋ ਫਿਲਮ ’ਚ ਦੇਖਣ ਨੂੰ ਮਿਲਣ ਵਾਲੀਆਂ ਹਨ, ਜਿਸ ਦਾ ਨਾਂ ਹੈ ‘ਸ਼ੌਂਕੀ ਸਰਦਾਰ’। ਜੀ ਹਾਂ ਬੱਬੂ ਮਾਨ ਤੇ ਗੁਰੂ ਰੰਧਾਵਾ ਦੀ ਇਸ ਫਿਲਮ ਦਾ ਟ੍ਰੇਲਰ ਬਹੁਤ ਪ੍ਰਭਾਵਸ਼ਾਲੀ ਹੈ।
ਓਪਨਿੰਗ ਸੀਨ ’ਚ ਜਦੋਂ ਬੱਬੂ ਮਾਨ ਐਕਸ਼ਨ ਕਰਦੇ ਦਿਖਦੇ ਹਨ ਤਾਂ ਇਸ ਟ੍ਰੇਲਰ ਦਾ ਗ੍ਰਾਫ ਹੋਰ ਉੱਚਾ ਚੁੱਕ ਦਿੰਦੇ ਹਨ। ਬਹੁਤ ਸਮੇਂ ਬਾਅਦ ਬੱਬੂ ਮਾਨ ਇਕ ਅਜਿਹੇ ਕਿਰਦਾਰ ’ਚ ਦੇਖਣ ਨੂੰ ਮਿਲ ਰਹੇ ਹਨ, ਜਿਸ ਦਾ ਖੌਫ ਟ੍ਰੇਲਰ ਤੋਂ ਹੀ ਬਰਕਰਾਰ ਹੋ ਗਿਆ ਹੈ। ਟ੍ਰੇਲਰ ’ਚ ਬਾਕੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ’ਚ ਸਾਨੂੰ ਗੁਰੂ ਰੰਧਾਵਾ, ਗੁੱਗੂ ਗਿੱਲ, ਨਿਮਰਿਤ ਕੌਰ, ਆਹਲੂਵਾਲੀਆ, ਧੀਰਜ ਕੁਮਾਰ, ਹਸ਼ਨੀਨ ਚੌਹਾਨ ਤੇ ਸੁਨੀਤਾ ਧੀਰ ਦੇਖਣ ਨੂੰ ਮਿਲ ਰਹੇ ਹਨ।
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਟ੍ਰੇਲਰ ’ਚ ਬੱਬੂ ਮਾਨ ਦੇ ਨਾਲ-ਨਾਲ ਗੁਰੂ ਰੰਧਾਵਾ, ਗੁੱਗੂ ਗਿੱਲ ਤੇ ਧੀਰਜ ਕੁਮਾਰ ਨੇ ਆਪਣੇ ਕਿਰਦਾਰਾਂ ਨਾਲ ਟ੍ਰੇਲਰ ਨੂੰ ਹੋਰ ਚਾਰ ਚੰਨ ਲਾ ਦਿੱਤੇ ਹਨ। ਜਦੋਂ ਸ਼ਾਮ ਕੌਸ਼ਲ ਵਰਗੇ ਐਕਸ਼ਨ ਡਾਇਰੈਕਟਰ ਤੇ ਧੀਰਜ ਕੇਦਾਰਨਾਥ ਰਤਨ ਵਰਗੇ ਮੁੱਖ ਡਾਇਰੈਕਟਰ ਦੇ ਹੱਥ ਇਸ ਫਿਲਮ ਦੀ ਕਮਾਂਡ ਹੋਵੇ ਤਾਂ ਕੁਝ ਸ਼ਾਨਦਾਰ ਬਣਨਾ ਤਾਂ ਲਾਜ਼ਮੀ ਸੀ। ਇਹੀ ਨਹੀਂ ਫਿਲਮ ਦੇ ਜਦੋਂ ਅਸੀਂ ਡੀ. ਓ. ਪੀ. ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਸ ’ਚ ਸਾਊਥ ਦੇ ਰਵੀ ਕੁਮਾਰ ਸਾਨਾ ਤੇ ਡੇਵਿਡ ਚੈਨ ਨੂੰ ਲਿਆ ਗਿਆ ਹੈ, ਜਿਨ੍ਹਾਂ ਨੇ ਬਹੁਤ ਹੀ ਸ਼ਾਨਦਾਰ ਸ਼ਾਟਸ ਫਿਲਮ ਲਈ ਕੈਪਚਰ ਕੀਤੇ ਹਨ। ਟ੍ਰੇਲਰ ’ਚ ਕੁਝ ਵੀ. ਐੱਫ. ਐਕਸ. ਸੀਨਜ਼ ਵੀ ਦੇਖਣ ਨੂੰ ਮਿਲ ਰਹੇ ਹਨ, ਜਿਨ੍ਹਾਂ ਦੀ ਕੁਆਲਿਟੀ ਆਨ ਪੁਆਇੰਟ ਹੈ।
ਦੱਸ ਦੇਈਏ ਕਿ ਫਿਲਮ ਦੀ ਕਹਾਣੀ ਧੀਰਜ ਕੁਮਾਰ ਰਤਨ ਤੇ ਮਨੀਲਾ ਰਤਨ ਵੱਲੋਂ ਲਿਖੀ ਗਈ ਹੈ। ਇਸ਼ਾਨ ਕਪੂਰ, ਹਰਜੋਤ ਸਿੰਘ, ਸ਼ਾਹ ਜੰਡਿਆਲੀ ਤੇ ਧਰਮਿੰਦਰ ਬਟੌਲੀ ਫਿਲਮ ਦੇ ਪ੍ਰੋਡਿਊਸਰ ਹਨ, ਜਦਕਿ ਇਸ ਨੂੰ ਕੋ-ਪ੍ਰੋਡਿਊਸ ਕੀਤਾ ਹੈ ਐੱਸ. ਐੱਲ. ਏ., ਰਾਹੁਲ ਮੁਰਗਈ, ਜਤਿਨ ਜਤਿੰਦਰ, ਰੋਬਿਨ ਚੌਹਾਨ ਤੇ ਡਾ. ਬੰਟੀ ਨੇ। ਇਹ ਫਿਲਮ ਜ਼ੀ ਸਟੂਡੀਓਜ਼, ਬੌਸ ਮਿਊਜ਼ਿਕਾ ਰੈਕਰਡਸ ਪ੍ਰਾਈਵੇਟ ਲਿਮਟਿਡ, ਫਿਲਮੀਲੋਕ ਤੇ 751 ਫ਼ਿਲਮਜ਼ ਦੀ ਸਾਂਝੀ ਪੇਸ਼ਕਸ਼ ਹੈ, ਜੋ ਦੁਨੀਆ ਭਰ ’ਚ 16 ਮਈ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।