‘ਸੌਂਕਣ ਸੌਂਕਣੇ 2’ ਫਿਲਮ ’ਚ ਇਸ ਵਾਰ ਨਜ਼ਰ ਆਉਣਗੀਆਂ 3 ਸੌਂਕਣਾਂ
Saturday, May 17, 2025 - 09:48 AM (IST)

ਜਲੰਧਰ (ਬਿਊਰੋ)– ਪੰਜਾਬੀ ਫਿਲਮ ‘ਸੌਂਕਣ ਸੌਂਕਣੇ 2’ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਸਾਲ 2022 ’ਚ ਆਈ ਬਲਾਕਬਸਟਰ ਫਿਲਮ ‘ਸੌਂਕਣ ਸੌਂਕਣੇ’ ਦਾ ਹੀ ਅਗਲਾ ਭਾਗ ਹੈ, ਜਿਸ ’ਚ ਇਸ ਵਾਰ 3 ਸੌਂਕਣਾਂ ਨਜ਼ਰ ਆਉਣ ਵਾਲੀਆਂ ਹਨ।
ਫਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਟਰੇਲਰ ਤੋਂ ਦਿਸ ਰਿਹਾ ਹੈ ਕਿ ਸਰਗੁਣ ਤੇ ਨਿਮਰਤ ਹੁਣ ਥੋੜ੍ਹੀਆਂ ਮੋਟੀਆਂ ਹੋ ਗਈਆਂ ਹਨ ਤੇ ਉਨ੍ਹਾਂ ਦੇ ਪਤੀ ਐਮੀ ਦੀ ਜ਼ਿੰਦਗੀ ’ਚ ਇਸੇ ਦੇ ਚੱਲਦਿਆਂ ਤੀਜੀ ਘਰਵਾਲੀ ਆ ਜਾਂਦੀ ਹੈ। ਇਹ ਘਰਵਾਲੀ ਵਿਦੇਸ਼ੀ ਮੇਮ ਹੈ ਤੇ ਇਸ ਕਿਰਦਾਰ ਨੂੰ ਖ਼ੁਦ ਸਰਗੁਣ ਮਹਿਤਾ ਵਲੋਂ ਹੀ ਨਿਭਾਇਆ ਗਿਆ ਹੈ।
ਟਰੇਲਰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹਾਸਿਆਂ ਨਾਲ ਭਰਿਆ ਹੋਇਆ ਹੈ, ਜਿਸ ’ਚ ਬੇਹੱਦ ਮਜ਼ੇਦਾਰ ਤੇ ਢਿੱਡੀਂ ਪੀੜਾਂ ਪਾਉਣ ਵਾਲੇ ਡਾਇਲਾਗਸ ਸੁਣਨ ਨੂੰ ਮਿਲ ਰਹੇ ਹਨ। ਫਿਲਮ ਨੂੰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ’ਚ ਕਈ ਸੁਪਰਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਇਸ ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਹੈ ਤੇ ਇਸ ਦੇ ਪਹਿਲੇ ਭਾਗ ਦੀ ਕਹਾਣੀ ਵੀ ਉਨ੍ਹਾਂ ਨੇ ਹੀ ਲਿਖੀ ਸੀ, ਜੋ ਟਰੇਲਰ ਤੋਂ ਬੇਹੱਦ ਮਜ਼ੇਦਾਰ ਲੱਗ ਰਹੀ ਹੈ। ਫਿਲਮ ਨੂੰ ਜਤਿਨ ਸੇਠੀ, ਸਰਗੁਣ ਮਹਿਤਾ ਤੇ ਰਵੀ ਦੂਬੇ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਨਾਦਸ ਸਟੂਡੀਓਜ਼ ਤੇ ਡ੍ਰੀਮਯਾਤਾ ਐਂਟਰਟੇਨਮੈਂਟ ਦੀ ਸਾਂਝੀ ਪੇਸ਼ਕਸ਼ ਹੈ, ਜਿਸ ’ਚ ਪਾਗਲਪੰਤੀ, ਕਨਫਿਊਜ਼ਨ ਤੇ ਹਾਸੇ ਦੇ ਨਾਲ ਸਰਪ੍ਰਾਈਜ਼ ਵੀ ਮਿਲਣ ਵਾਲਾ ਹੈ। ਦੁਨੀਆ ਭਰ ’ਚ ਇਹ ਫਿਲਮ 30 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।