ਗਾਇਕ ਜੱਸ ਮਾਣਕ ਨੇ ਗਾਇਕੀ ਤੋਂ ਕੀਤਾ ਕਿਨਾਰਾ, ਭੰਬਲਭੂਸੇ ''ਚ ਪਏ ਪ੍ਰਸ਼ੰਸਕ
Saturday, Feb 01, 2025 - 03:45 PM (IST)
ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕੀ ਦੇ ਖੇਤਰ 'ਚ ਸਨਸਨੀ ਬਣ ਉੱਭਰੇ ਨੌਜਵਾਨ ਅਤੇ ਪ੍ਰਤਿਭਾਵਾਨ ਗਾਇਕ ਜੱਸ ਮਾਣਕ ਅੱਜਕੱਲ੍ਹ ਸੰਗੀਤ ਗਲਿਆਰਿਆਂ 'ਚ ਕਿਤੇ ਨਜ਼ਰ ਨਹੀਂ ਆ ਰਿਹਾ। ਕੁੱਝ ਸਮਾਂ ਪਹਿਲਾਂ ਜਾਰੀ ਕੀਤੇ ਅਪਣੀ ਈਪੀ 'ਲੇਟ ਨਾਈਟ ਟਾਕਸ' ਨੂੰ ਲੈ ਕੇ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਇਹ ਗਾਇਕ, ਜਿੰਨ੍ਹਾਂ ਵੱਲੋਂ ਸਾਹਮਣੇ ਲਿਆਂਦੇ ਕਈ ਗੀਤ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ 'ਚ ਸਫ਼ਲ ਰਹੇ ਹਨ। ਸਾਲ 2022 ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਪੰਜਾਬੀ ਫ਼ਿਲਮ 'ਜੱਟ ਬ੍ਰਦਰਜ਼' 'ਚ ਆਖ਼ਰੀ ਵਾਰ ਨਜ਼ਰ ਆਏ ਜੱਸ ਮਾਣਕ ਦੀ ਇਸ ਫ਼ਿਲਮ 'ਚ ਨਿਭਾਈ ਲੀਡ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ, ਪਰ ਇਸ ਦੇ ਬਾਵਜੂਦ ਉਹ ਮੁੜ ਕਿਸੇ ਹੋਰ ਫ਼ਿਲਮ 'ਚ ਨਜ਼ਰ ਨਹੀਂ ਆਏ।
'ਗੀਤ ਐੱਮ. ਪੀ. 3' ਦੁਆਰਾ ਵਜ਼ੂਦ 'ਚ ਲਿਆਂਦੇ ਅਪਣੇ ਕਈ ਗਾਣਿਆਂ ਨੂੰ ਲੈ ਕੇ ਵੀ ਪ੍ਰਸਿੱਧੀ ਹਾਸਲ ਕਰਨ 'ਚ ਸਫ਼ਲ ਰਹੇ ਹਨ ਇਹ ਬਾਕਮਾਲ ਗਾਇਕ, ਜਿੰਨ੍ਹਾਂ 'ਚ 'ਬਟਰਫਲਾਈ', 'ਲਹਿੰਗਾ', 'ਜੀਅ ਨਹੀਂ ਕਰਦਾ', 'ਨੋ ਕੈਪਸ਼ਨ', 'ਬਦਮਾਸ਼ੀ', 'ਸ਼ਾਪਿੰਗ', 'ਯਾਰ ਤੇਰਾ ਵਰਗਾ', 'ਜੱਟਵਾਦ', 'ਲੰਦਨ', 'ਹੱਸ ਕੇ', 'ਹਸੀਨਾ', 'ਯਾਰੀਆਂ', 'ਯੂ ਟਰਨ' ਅਤੇ 'ਵਿਆਹ' ਆਦਿ ਸ਼ੁਮਾਰ ਰਹੇ ਹਨ। ਦੁਨੀਆ ਭਰ ਦੀਆਂ ਸੰਗੀਤਕ ਸਫਾਂ 'ਚ ਧੂੰਮ ਮਚਾ ਦੇਣ ਵਾਲੇ 'ਪਰਾਡਾ' ਵਰਗੇ ਕਈ ਗੀਤਾਂ ਨਾਲ ਨੌਜਵਾਨਾਂ ਦੀ ਧੜਕਣ ਬਣਨ ਵਾਲੇ ਜੱਸ ਮਾਣਕ ਅਪਣੇ ਸ਼ੋਸ਼ਲ ਪਲੇਟਫ਼ਾਰਮ ਤੋਂ ਵੀ ਖਾਸੀ ਦੂਰੀ ਬਣਾ ਚੁੱਕੇ ਹਨ, ਜਿੰਨ੍ਹਾਂ ਦਾ ਅਚਾਨਕ ਪੰਜਾਬੀ ਗਾਇਕੀ ਤੋਂ ਕਿਨਾਰਾ ਕਰ ਜਾਣਾ ਉਨ੍ਹਾਂ ਦੇ ਪ੍ਰਸੰਸ਼ਕਾਂ 'ਚ ਵੀ ਅਚੰਬਾ ਪੈਦਾ ਕਰ ਰਿਹਾ ਹੈ।
ਸਾਲ 2024 ਦੇ ਆਖਰੀ ਪੜਾਅ ਤੋਂ ਪੰਜਾਬੀ ਸੰਗੀਤ ਖੇਤਰ 'ਚੋਂ ਆਊਟ ਆਫ ਫਾਰਮ ਚਲੇ ਆ ਰਹੇ ਇਹ ਬਿਹਤਰੀਨ ਗਾਇਕ ਅਤੇ ਪ੍ਰੋਫਾਰਮਰ ਤੂਫ਼ਾਨ ਤੋਂ ਪਹਿਲਾਂ ਦੀ ਖਾਮੋਸ਼ੀ ਦਾ ਵੀ ਅਹਿਸਾਸ ਕਰਵਾ ਰਹੇ ਹਨ, ਜਿੰਨ੍ਹਾਂ ਦੀ ਇਹ ਖਾਮੋਸ਼ੀ ਕਿਸੇ ਵੱਡੇ ਸੰਗੀਤਕ ਧਮਾਕੇ ਨੂੰ ਵੀ ਸਾਹਮਣੇ ਲਿਆ ਸਕਦੀ ਹੈ। ਗਾਇਕ ਜੱਸ ਮਾਣਕ ਕਈ ਪੰਜਾਬੀ ਫ਼ਿਲਮਾਂ ਦਾ ਵੀ ਸ਼ਾਨਦਾਰ ਹਿੱਸਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।