ਗਾਇਕਾ ਬਾਣੀ ਸੰਧੂ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ''ਤੇ ਲਗਾਇਆ ਲੰਗਰ; ਪਰਿਵਾਰ ਸਮੇਤ ਖੁਦ ਬਣਾਏ ''ਬ੍ਰੈਡ ਪਕੌੜੇ''
Friday, Dec 26, 2025 - 01:53 PM (IST)
ਐਂਟਰਟੇਨਮੈਂਟ ਡੈਸਕ- ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਬਾਣੀ ਸੰਧੂ ਆਪਣੀ ਗਾਇਕੀ ਦੇ ਨਾਲ-ਨਾਲ ਧਾਰਮਿਕ ਅਤੇ ਸੇਵਾ ਦੇ ਕੰਮਾਂ ਵਿੱਚ ਵੀ ਹਮੇਸ਼ਾ ਅੱਗੇ ਰਹਿੰਦੀ ਹੈ। ਹੁਣ ਜਦੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਪਹੁੰਚ ਰਹੇ ਹਨ, ਤਾਂ ਬਾਣੀ ਸੰਧੂ ਨੇ ਵੀ ਸੰਗਤਾਂ ਲਈ ਲੰਗਰ ਸੇਵਾ ਨਿਭਾਈ।
ਪਰਿਵਾਰ ਨੇ ਖੁਦ ਸੰਭਾਲੀ ਸੇਵਾ ਦੀ ਕਮਾਨ
ਬਾਣੀ ਸੰਧੂ ਨੇ ਇਸ ਵਾਰ ਲੰਗਰ ਸੇਵਾ ਵਿੱਚ ਇੱਕ ਖ਼ਾਸ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਨੇ ਕਿਸੇ ਪੇਸ਼ੇਵਰ ਰਸੋਈਏ ਜਾਂ ਹਲਵਾਈ ਦੀ ਮਦਦ ਲੈਣ ਦੀ ਬਜਾਏ, ਆਪਣੇ ਪੂਰੇ ਪਰਿਵਾਰ ਅਤੇ ਸਟਾਫ ਦੇ ਨਾਲ ਮਿਲ ਕੇ ਖੁਦ ਲੰਗਰ ਤਿਆਰ ਕੀਤਾ। ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਗਾਇਕਾ ਨੂੰ ਇੱਕ ਵੱਡੇ ਬਰਤਨ ਵਿੱਚ ਬ੍ਰੈਡ ਪਕੌੜਿਆਂ ਦੀ ਸਮੱਗਰੀ ਤਿਆਰ ਕਰਦੇ ਅਤੇ ਸੇਵਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ।
"ਬਿਨਾਂ ਹਲਵਾਈ ਤੋਂ ਸੇਵਾ ਕਰਨੀ ਸੀ ਦਿਲੋਂ ਤਮੰਨਾ"
ਗਾਇਕਾ ਨੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਖਾਣਾ ਬਣਾਉਣਾ ਅਤੇ ਵਰਤਾਉਣਾ ਬੇਹੱਦ ਪਸੰਦ ਹੈ। ਉਨ੍ਹਾਂ ਲਿਖਿਆ, “ਮੇਰੀ ਦਿਲੋਂ ਤਮੰਨਾ ਸੀ ਕਿ ਲੰਗਰ ਬਿਨਾਂ ਕਿਸੇ ਪ੍ਰੋਫੈਸ਼ਨਲ ਕੁੱਕ ਜਾਂ ਹਲਵਾਈ ਤੋਂ ਅਸੀਂ ਸਾਰੀ ਫੈਮਿਲੀ ਆਪ ਬਣਾਈਏ ਅਤੇ ਸਾਰਿਆਂ ਨੂੰ ਵੰਡੀਏ”। ਉਨ੍ਹਾਂ ਨੇ ਇਸ ਕੰਮ ਵਿੱਚ ਆਪਣੇ ਸਟਾਫ ਦੇ ਸਹਿਯੋਗ ਦੀ ਵੀ ਭਰਪੂਰ ਸ਼ਲਾਘਾ ਕੀਤੀ।
ਪ੍ਰਸ਼ੰਸਕਾਂ ਵੱਲੋਂ ਮਿਲ ਰਿਹਾ ਹੈ ਭਰਪੂਰ ਪਿਆਰ
ਬਾਣੀ ਸੰਧੂ ਦੇ ਇਸ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਉਨ੍ਹਾਂ ਦੀ ਸਾਦਗੀ ਅਤੇ ਸ਼ਰਧਾ ਦੀ ਤਾਰੀਫ਼ ਕਰਦੇ ਹੋਏ ਵੱਖ-ਵੱਖ ਰਿਐਕਸ਼ਨ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਸ਼ਹੀਦੀ ਸਭਾ ਦੌਰਾਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਥਾਂ-ਥਾਂ 'ਤੇ ਸੰਗਤਾਂ ਵੱਲੋਂ ਅਜਿਹੇ ਲੰਗਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
