ਰਾਜਕੁਮਾਰ ਰਾਓ ਅਤੇ ਪੱਤਰਲੇਖਾ ਨੇ ਆਪਣੀ ਧੀ ਦੇ ਨਾਂ ਦਾ ਕੀਤਾ ਖੁਲਾਸਾ, ਸਿਤਾਰਿਆਂ ਨੇ ਦਿੱਤੀ ਵਧਾਈ
Sunday, Jan 18, 2026 - 12:03 PM (IST)
ਮੁੰਬਈ - ਬਾਲੀਵੁੱਡ ਦੇ ਮਸ਼ਹੂਰ ਅਤੇ ਪਿਆਰੇ ਜੋੜੇ ਰਾਜਕੁਮਾਰ ਰਾਓ ਅਤੇ ਪੱਤਰਲੇਖਾ ਨੇ ਆਪਣੀ ਨੰਨ੍ਹੀ ਧੀ ਦੇ ਜਨਮ ਤੋਂ ਲਗਭਗ ਦੋ ਮਹੀਨਿਆਂ ਬਾਅਦ ਉਸ ਦੇ ਨਾਂ ਦਾ ਖੁਲਾਸਾ ਕਰ ਦਿੱਤਾ ਹੈ। ਨਵੇਂ ਬਣੇ ਮਾਪਿਆਂ ਨੇ ਆਪਣੀ ਜਾਨ ਤੋਂ ਪਿਆਰੀ ਧੀ ਦਾ ਨਾਂ 'ਪਾਰਵਤੀ ਪਾਲ ਰਾਓ' ਰੱਖਿਆ ਹੈ।
ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਖੁਸ਼ੀ
ਰਾਜਕੁਮਾਰ ਰਾਓ ਅਤੇ ਪੱਤਰਲੇਖਾ ਨੇ ਸੋਸ਼ਲ ਮੀਡੀਆ 'ਤੇ ਇਕ ਸਾਂਝੀ ਪੋਸਟ ਪਾ ਕੇ ਇਸ ਦਾ ਐਲਾਨ ਕੀਤਾ। ਉਨ੍ਹਾਂ ਨੇ ਲਿਖਿਆ, "ਹੱਥ ਜੋੜ ਕੇ ਅਤੇ ਭਰੇ ਹੋਏ ਦਿਲ ਨਾਲ, ਅਸੀਂ ਆਪਣੇ ਸਭ ਤੋਂ ਵੱਡੇ ਆਸ਼ੀਰਵਾਦ... ਪਾਰਵਤੀ ਪਾਲ ਰਾਓ ਨਾਲ ਤੁਹਾਡੀ ਜਾਣ-ਪਛਾਣ ਕਰਵਾਉਂਦੇ ਹਾਂ"। ਇਸ ਪੋਸਟ ਦੇ ਨਾਲ ਉਨ੍ਹਾਂ ਨੇ ਇੱਕ ਬਹੁਤ ਹੀ ਪਿਆਰੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿਚ ਦੋਵੇਂ ਮਾਪੇ ਆਪਣੀ ਧੀ ਦੇ ਨੰਨ੍ਹੇ ਹੱਥਾਂ ਨੂੰ ਫੜੇ ਹੋਏ ਨਜ਼ਰ ਆ ਰਹੇ ਹਨ।
ਵਿਆਹ ਦੀ ਵਰ੍ਹੇਗੰਢ 'ਤੇ ਆਈ ਸੀ ਵੱਡੀ ਖੁਸ਼ਖਬਰੀ
ਇਸ ਜੋੜੇ ਨੇ ਪਿਛਲੇ ਸਾਲ 15 ਨਵੰਬਰ ਨੂੰ ਮਾਪੇ ਬਣਨ ਦਾ ਸੁਭਾਗ ਪ੍ਰਾਪਤ ਕੀਤਾ ਸੀ, ਜੋ ਕਿ ਉਨ੍ਹਾਂ ਦੇ ਵਿਆਹ ਦੀ ਚੌਥੀ ਵਰ੍ਹੇਗੰਢ ਦਾ ਖਾਸ ਦਿਨ ਵੀ ਸੀ। ਆਪਣੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਨੇ ਕਿਹਾ ਸੀ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਧੀ ਦੀ ਦਾਤ ਬਖਸ਼ ਕੇ ਨਿਹਾਲ ਕਰ ਦਿੱਤਾ ਹੈ।
ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਵਧਾਈ
ਧੀ ਦੇ ਨਾਂ ਦੇ ਐਲਾਨ ਤੋਂ ਬਾਅਦ ਮਨੋਰੰਜਨ ਜਗਤ ਦੀਆਂ ਹਸਤੀਆਂ ਵੱਲੋਂ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਅਦਾਕਾਰਾ ਆਹਾਨਾ ਕੁਮਰਾ ਨੇ ਕਮੈਂਟ ਕਰਕੇ ਛੋਟੀ ਪਾਰਵਤੀ ਦਾ ਸਵਾਗਤ ਕੀਤਾ, ਜਦਕਿ ਭੂਮੀ ਪੇਡਨੇਕਰ ਅਤੇ ਆਯੁਸ਼ਮਾਨ ਖੁਰਾਨਾ ਵਰਗੇ ਕਲਾਕਾਰਾਂ ਨੇ ਦਿਲ ਵਾਲੇ ਇਮੋਜੀ ਭੇਜ ਕੇ ਆਪਣਾ ਪਿਆਰ ਜ਼ਾਹਰ ਕੀਤਾ।
ਸਿਟੀਲਾਈਟਸ ਤੋਂ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ
ਰਾਜਕੁਮਾਰ ਅਤੇ ਪੱਤਰਲੇਖਾ ਦੀ ਪ੍ਰੇਮ ਕਹਾਣੀ ਸਾਲ 2014 ਦੀ ਫਿਲਮ 'ਸਿਟੀਲਾਈਟਸ' ਦੀ ਸ਼ੂਟਿੰਗ ਦੌਰਾਨ ਸ਼ੁਰੂ ਹੋਈ ਸੀ। ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ, ਰਾਜਕੁਮਾਰ ਨੇ ਅਕਤੂਬਰ 2021 ਵਿਚ ਪੱਤਰਲੇਖਾ ਨੂੰ ਪ੍ਰਪੋਜ਼ ਕੀਤਾ ਅਤੇ ਨਵੰਬਰ 2021 ਵਿੱਚ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਗਏ ਸਨ। ਹੁਣ ਪਾਰਵਤੀ ਦੇ ਆਉਣ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਖੁਸ਼ੀਆਂ ਹੋਰ ਵਧ ਗਈਆਂ ਹਨ।
