ਰਾਹੁਲ ਵੋਹਰਾ ਦੀ ਆਖਰੀ ਵੀਡੀਓ ਹੋਈ ਵਾਇਰਲ, ਪਤਨੀ ਨੇ ਲਗਾਈ ਇਨਸਾਫ ਦੀ ਗੁਹਾਰ
Monday, May 10, 2021 - 03:12 PM (IST)
ਮੁੰਬਈ (ਬਿਊਰੋ)– ਅਦਾਕਾਰ ਰਾਹੁਲ ਵੋਹਰਾ ਦਾ ਐਤਵਾਰ ਨੂੰ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ। ਰਾਹੁਲ ਵੋਹਰਾ ਕਾਫੀ ਸਮੇਂ ਤੋਂ ਕੋਰੋਨਾ ਮਹਾਮਾਰੀ ਦੀ ਚਪੇਟ ’ਚ ਸਨ। ਅਦਾਕਾਰ ਨੂੰ ਨੈੱਟਫਲਿਕਸ ਫ਼ਿਲਮ ‘ਅਨਫ੍ਰੀਡਮ’ ’ਚ ਵੀ ਦੇਖਿਆ ਗਿਆ ਸੀ। ਰਾਹੁਲ ਦੀ ਮੌਤ ਤੋਂ ਬਾਅਦ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਹਨ ਜੋ ਉਸ ਦੀ ਮੌਤ ’ਤੇ ਦੁੱਖ ਪ੍ਰਗਟਾ ਰਹੀਆਂ ਹਨ। ਅਦਾਕਾਰ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਜੋਤੀ ਤਿਵਾੜੀ ਨਾਲ ਦਸੰਬਰ ’ਚ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਅੱਜ ਉਸ ਦੀ ਪਤਨੀ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਲੋੜਵੰਦਾਂ ਦੀ ਮਦਦ ਲਈ ਅੱਗੇ ਆਈ ਗਾਇਕਾ ਸ਼ਿਪਰਾ ਗੋਇਲ, ਕੀਤੀ ਖ਼ਾਸ ਸ਼ੁਰੂਆਤ
ਇਹ ਵੀਡੀਓ ਉਸ ਹਸਪਤਾਲ ਦੀ ਹੈ, ਜਿਥੇ ਰਾਹੁਲ ਵੋਹਰਾ ਦਾਖ਼ਲ ਹੋਇਆ ਸੀ। ਉਸ ਨੂੰ ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਰਾਹੁਲ ਦੀ ਇਹ ਵੀਡੀਓ ਉਸ ਦੀ ਪਤਨੀ ਜੋਤੀ ਨੇ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਰਾਹੁਲ ਆਕਸੀਜਨ ਮਾਸਕ ਪਹਿਨੇ ਹੋਏ ਦਿਖਾਈ ਦੇ ਰਿਹਾ ਹੈ। ਆਪਣਾ ਮਾਸਕ ਦਿਖਾਉਂਦੇ ਹੋਏ ਉਹ ਕਹਿੰਦਾ ਹੈ ਕਿ ਇਹ ਮਾਸਕ ਅੱਜ ਬਹੁਤ ਮਹਿੰਗਾ ਹੈ, ਇਸ ਤੋਂ ਬਿਨਾਂ ਮਰੀਜ਼ ਤੜਫ ਜਾਂਦਾ ਹੈ ਪਰ ਇਸ ’ਚ ਕੋਈ ਆਕਸੀਜਨ ਨਹੀਂ ਆਉਂਦੀ। ਨਰਸ ਆਈ, ਮੈਂ ਉਸ ਨਾਲ ਗੱਲ ਕੀਤੀ ਪਰ ਉਹ ਬਸ ਪਾਣੀ ਦੀ ਬੋਤਲ ਭਰ ਕੇ ਚਲੀ ਜਾਂਦੀ ਹੈ।
ਰਾਹੁਲ ਅੱਗੇ ਕਹਿੰਦਾ ਹੈ ਕਿ ਇਸ ’ਚ ਸਿਰਫ ਪਾਣੀ ਹੈ, ਫਿਰ ਉਨ੍ਹਾਂ ਨੂੰ ਬੁਲਾਉਂਦੇ ਰਹੋ। ਉਹ ਇਕ-ਇਕ ਕਰਕੇ ਆਉਂਦੇ ਹਨ, ਇਕ ਘੰਟੇ ਬਾਅਦ, ਉਦੋਂ ਤਕ ਤੁਹਾਨੂੰ ਇਸ ਦਾ ਪ੍ਰਬੰਧ ਕਰਨਾ ਪਵੇਗਾ, ਤੁਹਾਨੂੰ ਇਸ ਨੂੰ ਲਗਾਉਣਾ ਪਵੇਗਾ। ਉਹ ਇਹ ਨਹੀਂ ਸਮਝਦੇ ਕਿ ਪਾਣੀ ਦੀ ਬੋਤਲ ’ਚ ਪਾਣੀ ਘੱਟ ਰੱਖਣਾ ਪੈਂਦਾ ਹੈ ਤੇ ਵਹਾਅ ਨੂੰ ਵਧਾਉਣਾ ਪੈਂਦਾ ਹੈ। ਰਾਹੁਲ ਦੀ ਇਸ ਵੀਡੀਓ ’ਤੇ ਕਾਫੀ ਟਿੱਪਣੀਆਂ ਆ ਰਹੀਆਂ ਹਨ। ਅਦਾਕਾਰ ਦੀ ਮੌਤ ਦੀ ਪੁਸ਼ਟੀ ਕੱਲ ਥੀਏਟਰ ਨਿਰਦੇਸ਼ਕ ਤੇ ਨਾਟਕ ਲੇਖਕ ਅਰਵਿੰਦ ਗੌੜ ਨੇ ਕੀਤੀ ਸੀ।
ਇਸ ਵੀਡੀਓ ਨੂੰ ਸਾਂਝਾ ਕਰਦਿਆਂ ਜੋਤੀ ਨੇ ਇਨਸਾਫ ਦੀ ਮੰਗ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਮੇਰਾ ਰਾਹੁਲ ਚਲਾ ਗਿਆ ਹੈ ਪਰ ਕਿਸੇ ਹੋਰ ਦਾ ਰਾਹੁਲ ਨਹੀਂ ਜਾਣਾ ਚਾਹੀਦਾ। ਕੋਰੋਨਾ ਨਾਲ ਆਪਣੀ ਲੜਾਈ ਦੇ ਵਿਚਕਾਰ ਰਾਹੁਲ ਨੇ ਆਪਣੇ ਫੇਸਬੁੱਕ ’ਤੇ ਜੋ ਪੋਸਟ ਲਿਖੀ ਹੈ, ਉਹ ਵੀ ਸੋਸ਼ਲ ਮੀਡੀਆ ’ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਰਾਹੁਲ ਨੇ ਲਿਖਿਆ, ‘ਜੇ ਮੇਰਾ ਚੰਗਾ ਇਲਾਜ ਹੁੰਦਾ ਤਾਂ ਮੈਂ ਵੀ ਬਚ ਜਾਂਦਾ, ਤੁਹਾਡਾ ਰਾਹੁਲ ਵੋਹਰਾ।’
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।