ਪਰਿਵਾਰਕ ਰਿਸ਼ਤਿਆਂ ਦੀ ਡੂੰਘੀ ਕਹਾਣੀ ‘ਰੱਬ ਦਾ ਰੇਡੀਓ 3’

Friday, Apr 03, 2026 - 12:04 PM (IST)

ਪਰਿਵਾਰਕ ਰਿਸ਼ਤਿਆਂ ਦੀ ਡੂੰਘੀ ਕਹਾਣੀ ‘ਰੱਬ ਦਾ ਰੇਡੀਓ 3’

ਐਂਟਰਟੇਨਮੈਂਟ ਡੈਸਕ- ਪੰਜਾਬੀ ਸਿਨੇਮਾ ’ਚ ਪਰਿਵਾਰਕ ਕਹਾਣੀਆਂ ਹਮੇਸ਼ਾ ਦਰਸ਼ਕਾਂ ਦੇ ਦਿਲਾਂ ਨੂੰ ਛੂਹਦੀਆਂ ਆਈਆਂ ਹਨ ਤੇ ‘ਰੱਬ ਦਾ ਰੇਡੀਓ 3’ ਵੀ ਇਸੇ ਲੜੀ ਨੂੰ ਅੱਗੇ ਵਧਾਉਂਦੀ ਇਕ ਭਾਵਨਾਤਮਕ ਤੇ ਹਕੀਕਤ ਦੇ ਨੇੜੇ ਦੀ ਕਹਾਣੀ ਹੈ। ਇਹ ਫ਼ਿਲਮ ਸਿਰਫ ਮਨੋਰੰਜਨ ਨਹੀਂ, ਸਗੋਂ ਰਿਸ਼ਤਿਆਂ ਦੀ ਅਹਿਮੀਅਤ, ਹੰਕਾਰ ਤੇ ਪਰਿਵਾਰਕ ਟੁੱਟ-ਫੁੱਟ ਦੇ ਨਤੀਜਿਆਂ ਨੂੰ ਵੀ ਬੜੀ ਸੂਝ-ਬੂਝ ਨਾਲ ਪੇਸ਼ ਕਰਦੀ ਹੈ।

ਕਹਾਣੀ ਦਾ ਆਧਾਰ

ਫ਼ਿਲਮ ਦੀ ਕਹਾਣੀ ਦੋ ਭਰਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇਕੱਠੇ ਰਹਿੰਦੇ ਹਨ ਤੇ ਇਕੋ ਘਰ ਦੀਆਂ ਦੋ ਭੈਣਾਂ ਨਾਲ ਆਪਣੇ ਪੁੱਤਰਾਂ ਦਾ ਵਿਆਹ ਕਰਦੇ ਹਨ। ਸ਼ੁਰੂ ’ਚ ਸਭ ਕੁਝ ਖੁਸ਼ਹਾਲ ਤੇ ਸੁਖਮਈ ਦਿਖਾਈ ਦਿੰਦਾ ਹੈ ਪਰ ਜ਼ਮੀਨ ਦੇ ਮਸਲੇ ਕਾਰਨ ਹਾਲਾਤ ਅਚਾਨਕ ਬਦਲ ਜਾਂਦੇ ਹਨ। ਹੰਕਾਰ ਤੇ ਜਾਇਦਾਦ ਦੀ ਲੜਾਈ ਦੋਵੇਂ ਭਰਾਵਾਂ ਵਿਚਕਾਰ ਇੰਨੀ ਵੱਡੀ ਦੀਵਾਰ ਖੜ੍ਹੀ ਕਰ ਦਿੰਦੀ ਹੈ ਕਿ ਉਹ ਆਪਸ ’ਚ ਗੱਲ ਕਰਨੀ ਤੱਕ ਛੱਡ ਦਿੰਦੇ ਹਨ।

ਇਸ ਤਣਾਅ ਦਾ ਸਭ ਤੋਂ ਵੱਡਾ ਅਸਰ ਉਨ੍ਹਾਂ ਦੋ ਭੈਣਾਂ ’ਤੇ ਪੈਂਦਾ ਹੈ, ਜੋ ਇਕੋ ਘਰੋਂ ਵਿਆਹ ਕੇ ਆਈਆਂ ਹੁੰਦੀਆਂ ਹਨ। ਪਰਿਵਾਰਕ ਦਬਾਅ ਕਾਰਨ ਉਨ੍ਹਾਂ ਨੂੰ ਇਕ-ਦੂਜੇ ਨਾਲ ਮਿਲਣ ਜਾਂ ਗੱਲ ਕਰਨ ਤੋਂ ਵੀ ਰੋਕ ਦਿੱਤਾ ਜਾਂਦਾ ਹੈ। ਇਹੀ ਦਰਦ, ਇਹੀ ਦੂਰੀ ਤੇ ਇਹੀ ਸੰਘਰਸ਼ ਫ਼ਿਲਮ ਦੀ ਰੂਹ ਬਣ ਜਾਂਦਾ ਹੈ। ਅੱਗੇ ਕਹਾਣੀ ਕਿਵੇਂ ਮੋੜ ਲੈਂਦੀ ਹੈ, ਕੀ ਰਿਸ਼ਤੇ ਮੁੜ ਜੁੜਦੇ ਹਨ ਜਾਂ ਟੁੱਟਦੇ ਹਨ– ਇਹੀ ਫ਼ਿਲਮ ਦਾ ਕੇਂਦਰੀ ਪ੍ਰਸ਼ਨ ਹੈ।

ਕਲਾਕਾਰ ਤੇ ਅਦਾਕਾਰੀ

ਫ਼ਿਲਮ ’ਚ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਂਦੇ ਹਨ, ਜੋ ਆਪਣੀ ਕੁਦਰਤੀ ਅਦਾਕਾਰੀ ਨਾਲ ਕਹਾਣੀ ਨੂੰ ਸੁਰਜੀਤ ਬਣਾਉਂਦੇ ਹਨ। ਜਿਨ੍ਹਾਂ ਦੀ ਜੋੜੀ ਬੇਹੱਦ ਸ਼ਾਨਦਾਰ ਲੱਗ ਰਹੀ ਹੈ। ਇਸ ਤੋਂ ਇਲਾਵਾ ਫ਼ਿਲਮ ’ਚ ਸ਼ਵਿੰਦਰ ਮਾਹਲ, ਸਰਦਾਰ ਸੋਹੀ, ਸੁਨੀਤਾ ਧੀਰ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਸਤਵੰਤ ਕੌਰ, ਰੁਪਿੰਦਰ ਰੂਪੀ ਤੇ ਗੁਰਮੀਤ ਸਾਜਣ ਵਰਗੇ ਕਲਾਕਾਰ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆ ਰਹੇ ਹਨ।

ਨਿਰਦੇਸ਼ਨ ਤੇ ਲਿਖਤ

ਫ਼ਿਲਮ ਦਾ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ, ਜੋ ਪਹਿਲਾਂ ਵੀ ਭਾਵਨਾਤਮਕ ਕਹਾਣੀਆਂ ਨੂੰ ਸੁੰਦਰ ਢੰਗ ਨਾਲ ਪੇਸ਼ ਕਰ ਚੁੱਕੇ ਹਨ। ਕਹਾਣੀ ਜੱਸ ਗਰੇਵਾਲ ਵਲੋਂ ਲਿਖੀ ਗਈ ਹੈ, ਜਿਸ ’ਚ ਪੰਜਾਬੀ ਸੱਭਿਆਚਾਰ, ਰਿਸ਼ਤਿਆਂ ਦੀ ਡੂੰਘਾਈ ਤੇ ਜ਼ਮੀਨੀ ਹਕੀਕਤ ਨੂੰ ਖ਼ੂਬਸੂਰਤੀ ਨਾਲ ਦਰਸਾਇਆ ਗਿਆ ਹੈ। ਫ਼ਿਲਮ ਦੇ ਪ੍ਰੋਡਿਊਸਰ ਮਨਪ੍ਰੀਤ ਸਿੰਘ ਜੌਹਲ ਹਨ।

ਥੀਮ ਤੇ ਸੁਨੇਹਾ

‘ਰੱਬ ਦਾ ਰੇਡੀਓ 3’ ਸਿਰਫ਼ ਇਕ ਪਰਿਵਾਰ ਦੀ ਕਹਾਣੀ ਨਹੀਂ, ਸਗੋਂ ਹਰ ਉਸ ਘਰ ਦੀ ਕਹਾਣੀ ਹੈ, ਜਿਥੇ ਜਾਇਦਾਦ ਜਾਂ ਹੰਕਾਰ ਰਿਸ਼ਤਿਆਂ ਤੋਂ ਵੱਡਾ ਬਣ ਜਾਂਦਾ ਹੈ। ਫ਼ਿਲਮ ਇਹ ਦਰਸਾਉਂਦੀ ਹੈ ਕਿ ਰਿਸ਼ਤੇ ਬੜੀ ਮਿਹਨਤ ਨਾਲ ਬਣਦੇ ਹਨ ਪਰ ਇਕ ਛੋਟੀ ਗਲਤੀ ਨਾਲ ਟੁੱਟ ਸਕਦੇ ਹਨ। ਪਰਿਵਾਰਕ ਫ਼ੈਸਲੇ ਅਕਸਰ ਔਰਤਾਂ ’ਤੇ ਵੱਧ ਅਸਰ ਕਰਦੇ ਹਨ। ਮੁਆਫ਼ੀ ਤੇ ਸਮਝਦਾਰੀ ਨਾਲ ਹੀ ਟੁੱਟੇ ਰਿਸ਼ਤੇ ਮੁੜ ਜੁੜ ਸਕਦੇ ਹਨ।

‘ਰੱਬ ਦਾ ਰੇਡੀਓ 3’ ਇਕ ਭਾਵਨਾਤਮਕ ਯਾਤਰਾ ਹੈ, ਜੋ ਦਰਸ਼ਕਾਂ ਨੂੰ ਆਪਣੇ ਪਰਿਵਾਰ ਬਾਰੇ ਸੋਚਣ ’ਤੇ ਮਜਬੂਰ ਕਰਦੀ ਹੈ। ਇਹ ਫ਼ਿਲਮ ਸਾਨੂੰ ਯਾਦ ਦਿਵਾਉਂਦੀ ਹੈ ਕਿ ਜਾਇਦਾਦ ਤੇ ਹੰਕਾਰ ਤੋਂ ਵੱਡੀ ਚੀਜ਼ ਸਿਰਫ਼ ਰਿਸ਼ਤੇ ਹੁੰਦੇ ਹਨ।

ਜੇ ਤੁਸੀਂ ਪਰਿਵਾਰਕ ਡਰਾਮਾ, ਸੱਚੀਆਂ ਭਾਵਨਾਵਾਂ ਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਕਹਾਣੀਆਂ ਪਸੰਦ ਕਰਦੇ ਹੋ ਤਾਂ ਇਹ ਫ਼ਿਲਮ ਤੁਹਾਡੇ ਲਈ ਇਕ ਮਸਟ-ਵਾਚ ਸਾਬਿਤ ਹੋ ਸਕਦੀ ਹੈ।

 


author

cherry

Content Editor

Related News