ਦ੍ਰਿਸ਼ਟੀਹੀਣ ਦਾ ਕਿਰਦਾਰ ਨਿਭਾਉਣਾ ਮੁਸ਼ਕਲ ਸੀ, ਨਜ਼ਰ 85% ਘੱਟ ਕਰਨ ਲਈ ਮੰਗਵਾਏ ਸਨ ਵਿਸ਼ੇਸ਼ ਲੈਨਜ਼: ਮੈਸੀ
Friday, Jul 11, 2025 - 01:04 PM (IST)

ਮੁੰਬਈ- ਬਾਲੀਵੁੱਡ ਅਭਿਨੇਤਾ ਸੰਜੇ ਕਪੂਰ ਦੀ ਲਾਡਲੀ ਸ਼ਨਾਇਆ ਕਪੂਰ ਫਿਲਮ ‘ਆਂਖੋਂ ਕੀ ਗੁਸਤਾਖੀਆਂ’ ਨਾਲ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। ਇਹ ਇਕ ਰੋਮਾਂਟਿਕ ਡਰਾਮਾ ਫਿਲਮ ਹੈ, ਜੋ ਪਿਆਰ, ਭਾਵਨਾਵਾਂ ਤੇ ਰਿਸ਼ਤਿਆਂ ਦੀ ਡੂੰਘਾਈ ਨੂੰ ਬਾਰੀਕੀ ਨਾਲ ਪੇਸ਼ ਕਰਦੀ ਹੈ। ਫਿਲਮ ’ਚ ਸ਼ਨਾਇਆ ਨਾਲ ਬਾਲੀਵੁੱਡ ਦੇ ਦਮਦਾਰ ਅਭਿਨੇਤਾ ਵਿਕਰਾਂਤ ਮੈਸੀ ਮੁੱਖ ਭੂਮਿਕਾ ’ਚ ਹਨ। ਟਰੇਲਰ ’ਚ ਸ਼ਨਾਇਆ ਅਤੇ ਉਸ ਦੇ ਸਹਿ-ਕਲਾਕਾਰ ਦੀ ਕੈਮਿਸਟਰੀ ਦੀ ਦਰਸ਼ਕਾਂ ਨੇ ਬਹੁਤ ਸ਼ਲਾਘਾ ਕੀਤੀ ਹੈ। ਫਿਲਮ ਦੀ ਕਹਾਣੀ ਦੀ ਝਲਕ ਵੀ ਲੋਕਾਂ ਦੀ ਦਿਲਚਸਪੀ ਵਧਾ ਰਹੀ ਹੈ। ‘ਆਂਖੋਂ ਕੀ ਗੁਸਤਾਖੀਆਂ’ ਅੱਜ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫਿਲਮ ਬਾਰੇ ਸ਼ਨਾਇਆ ਕਪੂਰ ਅਤੇ ਵਿਕਰਾਂਤ ਮੈਸੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਬਲਾਈਂਡਫੋਲਡ ਪਹਿਨਿਆ ਤੇ ਸਭ ਭੁੱਲ ਗਈ : ਸ਼ਨਾਇਆ ਕਪੂਰ
ਪ੍ਰ. ਡੈਬਿਊ ਫਿਲਮ ’ਚ ਹੀ ਅੱਖਾਂ ਢਕੀਆਂ ਹੋਣ ਦੇ ਬਾਵਜੂਦ ਕਿਰਦਾਰ ਨਿਭਾਉਣਾ ਤੁਹਾਡੇ ਲਈ ਕਿੰਨਾ ਚੁਣੌਤੀਪੂਰਨ ਸੀ?
-ਇਹ ਬਹੁਤ ਚੁਣੌਤੀਪੂਰਨ ਸੀ। ਮੈਂ ਤਾਂ ਬਹੁਤ ਹੀ ਨਰਵਸ ਸੀ। ਮੈਨੂੰ ਯਾਦ ਹੈ ਜਦੋਂ ਪਹਿਲੀ ਵਾਰ ਮੈਂ ਬਲਾਈਂਡਫੋਲਡ ਪਹਿਨੇ ਹੋਏ ਸੀ ਤਾਂ ਮੈਂ ਆਪਣੀਆਂ ਸਾਰੀਆਂ ਲਾਈਨਾਂ ਭੁੱਲ ਗਈ ਸੀ। ਮੈਨੂੰ ਲੱਗਿਆ ਕਿ ਮੈਂ ਸਭ ਕੁਝ ਸਿੱਖ ਲਿਆ ਹੈ ਤੇ ਸ਼ੂਟ ਲਈ ਤਿਆਰ ਹਾਂ ਪਰ ਜਿਉਂ ਹੀ ਬਲਾਈਂਡਫੋਲਡ ਪਹਿਨਿਆ, ਸਭ ਕੁਝ ਭੁੱਲ ਗਈ। ਮੇਰੇ ਸਾਰੇ ਵਿਚਾਰ, ਕਿਰਦਾਰ ਦਾ ਕਾਨਫਲਿਕਟ, ਉਹ ਸਭ ਕੁਝ। ਮੈਂ ਸਮਝ ਗਈ ਕਿ ਇਸ ਤਿਆਰੀ ’ਚ ਬਹੁਤ ਸਮਾਂ ਲੱਗੇਗਾ ਅਤੇ ਮੈਨੂੰ ਕੰਫਰਟੇਬਲ ਹੋਣ ਲਈ ਬਹੁਤ ਮਿਹਨਤ ਕਰਨੀ ਪਵੇਗੀ ਕਿਉਂਕਿ ਜੇ ਸ਼ਨਾਇਆ ਨੂੰ ਕੰਫਰਟੇਬਲ ਬਣਾ ਲਿਆ ਤਾਂ ਉਹ ਫਿਲਮ ’ਚ ਕੁਝ ਵੀ ਕਰ ਸਕਦੀ ਹੈ।
ਪ੍ਰ. ਫਿਲਮ ’ਚ ਤੁਹਾਡੀ ਦੋਵਾਂ ਦੀ ਕੈਮਿਸਟਰੀ ਬਹੁਤ ਹੀ ਦਿਲਚਸਪ ਲੱਗ ਰਹੀ ਹੈ। ਇਸ ਬਾਰੇ ਕੀ ਕਹੋਗੇ?
-ਇਹ ਬਹੁਤ ਸੁੰਦਰ ਹੈ। ਜਦੋਂ ਤੁਸੀਂ ਇਕੱਠੇ ਕੰਮ ਕਰਦੇ ਹੋ ਤਾਂ ਇਹ ਜ਼ਰੂਰੀ ਹੈ ਕਿ ਦੋਵੇਂ ਇਕ ਦੂਜੇ ਨੂੰ ਸਮਝਣ ਤੇ ਸਮਰਥਨ ਦੇਣ ਅਤੇ ਇਹੋ ਸਾਡੇ ਵਿਚਕਾਰ ਦੀ ਕੈਮਿਸਟਰੀ ਨੂੰ ਸਕ੍ਰੀਨ ’ਤੇ ਦਿਖਾਉਂਦਾ ਹੈ।
ਪ੍ਰ. ਕੀ ਇਸ ਤਰ੍ਹਾਂ ਦਾ ਰੋਲ ਕਰਨਾ ਤੁਹਾਡੇ ਲਈ ਆਸਾਨ ਸੀ, ਜਿੱਥੇ ਹਾਵ-ਭਾਵ ਅਤੇ ਆਵਾਜ਼ ਨਾਲ ਹੀ ਸਭ ਕਹਿਣਾ ਸੀ?
- ਜੀ ਹਾਂ, ਮੈਂ ਇਸ ’ਤੇ ਬਹੁਤ ਸਮਾਂ ਬਿਤਾਇਆ। ਸੈੱਟ ’ਤੇ ਜਾ ਕੇ ਕੰਫਰਟੇਬਲ ਹੋਈ ਤਾਂ ਮੇਰਾ ਕੰਮ ਆਸਾਨ ਹੋ ਗਿਆ। ਕਿਰਦਾਰ ’ਚ ਜਿੰਨੀ ਡੂੰਘਾਈ ਹੈ, ਉਸ ਨੂੰ ਨਿਭਾਉਣਾ ਸਭ ਤੋਂ ਮਹੱਤਵਪੂਰਨ ਸੀ ਤਾਂ ਸੈੱਟ ’ਤੇ ਜੇ ਕੰਫਰਟ ਹੁੰਦਾ ਹੈ ਤਾਂ ਤੁਹਾਡੇ ਰੋਲ ’ਚ ਵੀ ਦਿਸਦਾ ਹੈ, ਨਿਭਾਉਣਾ ਹੋਰ ਸੌਖਾ ਹੋ ਜਾਂਦਾ ਹੈ।
ਹਮੇਸ਼ਾ ਖ਼ੁਦ ਨੂੰ ਚੁਣੌਤੀ ਦਿੰਦਾ ਹਾਂ : ਵਿਕਰਾਂਤ ਮੈਸੀ
ਪ੍ਰ. ਤੁਹਾਡੇ ਪੁਰਾਣੇ ਕਿਰਦਾਰਾਂ ਨੂੰ ਦੇਖੀਏ ਤਾਂ ਇਹ ਬਹੁਤ ਹੀ ਵੱਖਰਾ ਹੈ। ਕੀ ਰੋਮਾਂਟਿਕ ਫਿਲਮ ’ਚ ਕੰਮ ਕਰਨ ਦਾ ਵਿਚਾਰ ਸੀ ਜਾਂ ਇਹ ਇਤਫ਼ਾਕ ਸੀ?
-ਨਹੀਂ, ਕੋਸ਼ਿਸ਼ ਤਾਂ ਹਮੇਸ਼ਾ ਇਹੋ ਰਹਿੰਦੀ ਹੈ ਕਿ ਵੱਖੋ-ਵੱਖਰੇ ਕਿਰਦਾਰ ਨਿਭਾਵਾਂ। ਮੈਂ ਹਮੇਸ਼ਾ ਖ਼ੁਦ ਨੂੰ ਚੁਣੌਤੀ ਦੇਣਾ ਚਾਹੁੰਦਾ ਹਾਂ। ਰੋਮਾਂਟਿਕ ਫਿਲਮਾਂ ਮੈਂ ਕਦੇ ਪੂਰੀ ਤਰ੍ਹਾਂ ਨਹੀਂ ਕੀਤੀਆਂ ਸੀ। ਜਦੋਂ ਇਹ ਫਿਲਮ ਆਈ ਤਾਂ ਲੱਗਾ ਕਿ ਇਹ ਵੱਖਰੀ ਹੈ ਅਤੇ ਚੁਣੌਤੀਪੂਰਨ ਵੀ ਹੈ, ਇਸ ਲਈ ਮੈਂ ਇਸ ਨੂੰ ਚੁਣਿਆ।
ਪ੍ਰ. ਤੁਸੀਂ ਇਕ ਦ੍ਰਿਸ਼ਟੀਹੀਣ ਕਿਰਦਾਰ ਨਿਭਾਇਆ ਹੈ। ਕੀ ਇਹ ਔਖਾ ਸੀ? ਇਸ ਦੀ ਤਿਆਰੀ ਕਿਵੇਂ ਕੀਤੀ?
-ਇਹ ਬਹੁਤ ਹੀ ਔਖਾ ਸੀ। ਮੈਂ ਆਪਣੀ ਨਜ਼ਰ ਨੂੰ 80-85 ਫੀਸਦੀ ਤੱਕ ਘੱਟ ਕਰਨ ਲਈ ਵਿਸ਼ੇਸ਼ ਲੈਨਜ਼ ਮੰਗਵਾਏ ਸਨ। ਇਸ ਨਾਲ ਮੈਨੂੰ ਸਹੀ ਬਾਡੀ ਲੈਂਗੂੲੇਂਜ਼ ਅਤੇ ਸੁਣਨ ਦੇ ਤਰੀਕੇ ਨੂੰ ਠੀਕ ਤਰ੍ਹਾਂ ਸਮਝਣ ’ਚ ਮਦਦ ਮਿਲੀ ਅਤੇ ਫਿਰ ਦੋ ਸਾਜ਼ ਗਿਟਾਰ ਅਤੇ ਪਿਆਨੋ ਵੀ ਸਿੱਖਣੇ ਪਏ। ਇਹ ਬਹੁਤ ਸਾਰੀਆਂ ਚੁਣੌਤੀਆਂ ਸਨ ਪਰ ਮੈਂ ਕੋਸ਼ਿਸ਼ ਕੀਤੀ ਕਿ ਇਹ ਕਿਰਦਾਰ ਪੂਰੀ ਈਮਾਨਦਾਰੀ ਨਾਲ ਨਿਭਾਵਾਂ।
ਪ੍ਰ. ਫਿਲਮ ਬਾਰੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ?
-ਅਸੀਂ ਸਾਰਿਆਂ ਨੇ ਬਹੁਤ ਮਿਹਨਤ ਅਤੇ ਇਮਾਨਦਾਰੀ ਨਾਲ ਇਹ ਫਿਲਮ ਬਣਾਈ ਹੈ, ਜਿਸ ਦਾ ਨਾਮ ਹੈ ‘ਆਂਖੋਂ ਕੀ ਗੁਸਤਾਖੀਆਂ’ ਤੇ ਇਹ 11 ਜੁਲਾਈ ਨੂੰ ਤੁਹਾਡੇ ਨੇੜੇ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੂੰ ਦੇਖੋ, ਪਿਆਰ ਦਿਓ ਅਤੇ ਖ਼ਾਸ ਕਰਕੇ ਸ਼ਨਾਇਆ ਕਪੂਰ ਦੇ ਡੈਬਿਊ ਨੂੰ ਸਲਾਹੋ।
ਪ੍ਰ. ਫਿਲਮ ਦੇ ਗਾਣੇ ਧਮਾਲ ਮਚਾ ਰਹੇ ਹਨ, ਤੁਸੀਂ ਦੋਵੇਂ ਕਿਵੇਂ ਮਹਿਸੂਸ ਕਰ ਰਹੇ ਹੋ?
ਸ਼ਨਾਇਆ: ਮੈਂ ਬਹੁਤ ਖ਼ੁਸ਼ ਹਾਂ ਅਤੇ ਸ਼ੁਕਰਗੁਜ਼ਾਰ ਹਾਂ ਕਿ ਦਰਸ਼ਕਾਂ ਨੂੰ ਸਾਡੇ ਗੀਤ ਪਸੰਦ ਆ ਰਹੇ ਹਨ। ਵਿਸ਼ਾਲ ਮਿਸ਼ਰਾ ਦੇ ਗਾਣੇ ਹਮੇਸ਼ਾ ਬਿਹਤਰੀਨ ਹੁੰਦੇ ਹਨ। ਉਹ ਖ਼ਾਸ ਤੌਰ ’ਤੇ ਸਾਡੇ ਕਿਰਦਾਰਾਂ ਅਤੇ ਸਾਡੀ ਕਹਾਣੀ ਲਈ ਲਿਖਦੇ ਹਨ।
ਵਿਕਰਾਂਤ: ਵਿਸ਼ਾਲ ਮਿਸ਼ਰਾ ਦੇ ਗਾਣੇ ਹਮੇਸ਼ਾ ਇਕ ਕਹਾਣੀ ਸੁਣਾਉਂਦੇ ਹਨ, ਜੋ ਸਾਡੇ ਸਫ਼ਰ ਨਾਲ ਜੁੜੀ ਹੁੰਦੀ ਹੈ। ‘ਅਲਵਿਦਾ’ ਅਤੇ ‘ਨਜ਼ਾਰਾ’ ਵਰਗੇ ਗਾਣੇ ਬਹੁਤ ਹੀ ਖਾਸ ਹਨ।
ਪ੍ਰ.‘ਆਂਖੋਂ ਕੀ ਗੁਸਤਾਖੀਆਂ’ ਨੂੰ ਕੀ ਹੋਰ ਵੀ ਵੱਖਰਾ ਤੇ ਖ਼ਾਸ ਬਣਾਉਂਦਾ ਹੈ?
ਸ਼ਨਾਇਆ: ਇਸ ਫਿਲਮ ’ਚ ਬਹੁਤ ਸਾਰੇ ਫਲਾਅਸ ਅਤੇ ਗ਼ਲਤੀਆਂ ਹਨ, ਜੋ ਇਸ ਨੂੰ ਹੋਰ ਜ਼ਿਆਦਾ ਰਿਲੇਟੇਬਲ ਬਣਾਉਂਦੀਆਂ ਹਨ। ਅਸੀਂ ਜੋ ਦਿਖਾਉਂਦੇ ਹਾਂ, ਉਹ ਕਿਸੇ ਹੋਰ ਵਰਗਾ ਨਹੀਂ ਹੈ। ਇਹ ਕਹਾਣੀ ਬਹੁਤ ਹੀ ਅਸਲ ਅਤੇ ਸੱਚੀ ਹੈ ਅਤੇ ਇਹੋ ਚੀਜ਼ ਇਸ ਨੂੰ ਖ਼ਾਸ ਬਣਾਉਂਦੀ ਹੈ।
ਵਿਕਰਾਂਤ: ਇਹ ਫਿਲਮ ਬਹੁਤ ਹੀ ਸੱਚੀ ਅਤੇ ਅਸਲੀ ਕਿਰਦਾਰਾਂ ’ਤੇ ਆਧਾਰਤ ਹੈ। ਇਨ੍ਹਾਂ ਕਿਰਦਾਰਾਂ ਵਿਚਕਾਰ ਜੋ ਸਮਝ ਤੇ ਜ਼ਿੰਦਾਦਿਲੀ ਹੈ, ਉਹ ਦਰਸ਼ਕਾਂ ਨਾਲ ਜੁੜਦੀ ਹੈ। ਕੋਈ ਵੀ ਕਹਾਣੀ ਸਿਰਫ਼ ਚਿੱਟੇ ਜਾਂ ਕਾਲੇ ਰੰਗ ’ਚ ਨਹੀਂ ਹੁੰਦੀ, ਇਹ ਹਮੇਸ਼ਾ ਗ੍ਰੇ ਏਰੀਆ ’ਚ ਹੁੰਦੀ ਹੈ, ਜੋ ਰਿਲੇਟੇਬਲ ਹੈ। ਇਹੋ ਇਸ ਫਿਲਮ ਦੀ ਖ਼ੂਬਸੂਰਤੀ ਹੈ।