ਪਾਕਿ ਗਾਇਕ ਫਰਹਾਦ ਹੁਮਾਯੂੰ ਦਾ 42 ਦੀ ਉਮਰ ’ਚ ਦਿਹਾਂਤ, ਅਲੀ ਜ਼ਫਰ ਤੇ ਆਤਿਮ ਅਸਲਮ ਨੇ ਦਿੱਤੀ ਸ਼ਰਧਾਂਜਲੀ

06/09/2021 1:21:56 PM

ਮੁੰਬਈ (ਬਿਊਰੋ)– ਪਾਕਿਸਤਾਨੀ ਗਾਇਕਾਂ ਨੂੰ ਸੁਣਨ ਵਾਲੇ ਪ੍ਰਸ਼ੰਸਕਾਂ ਲਈ ਦੁੱਖ ਭਰੀ ਖ਼ਬਰ ਹੈ। ਪਾਕਿਸਤਾਨੀ ਗਾਇਕ ਫਰਹਾਦ ਹੁਮਾਯੂੰ ਦਾ ਦਿਹਾਂਤ ਹੋ ਗਿਆ ਹੈ। ਉਹ 42 ਸਾਲਾਂ ਦੇ ਸਨ। ਫਰਹਾਦ ਹੁਮਾਯੂੰ ਦਾ ਇਸ ਤਰ੍ਹਾਂ ਦੁਨੀਆ ਨੂੰ ਅਲਵਿਦਾ ਕਹਿਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਪਾਕਿਸਤਾਨੀ ਸਿਤਾਰਿਆਂ ਲਈ ਬੇਹੱਦ ਦੁਖੀ ਕਰਨ ਵਾਲੀ ਖ਼ਬਰ ਹੈ।

ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਗਾਇਕ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਪਾਕਿਸਤਾਨ ਦੇ ਵੱਡੇ ਸਿਤਾਰੇ ਲਗਾਤਾਰ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਦਿਖਾਈ ਦੇ ਰਹੇ ਹਨ। ਫਰਹਾਦ ਹੁਮਾਯੂੰ ਦੇ ਦਿਹਾਂਤ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਮਿਲੀ। ਹਾਲਾਂਕਿ ਉਨ੍ਹਾਂ ਦਾ ਦਿਹਾਂਤ ਕਿਸ ਕਾਰਨ ਹੋਇਆ, ਇਹ ਅਜੇ ਤਕ ਸਾਫ ਤੌਰ ’ਤੇ ਪਤਾ ਨਹੀਂ ਲੱਗਾ ਹੈ। ਉਨ੍ਹਾਂ ਦੇ ਫੇਸਬੁੱਕ ਪੇਜ ’ਤੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਗਈ ਹੈ।

ਉਨ੍ਹਾਂ ਦੀ ਤਸਵੀਰ ਨਾਲ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ’ਚ ਲਿਖਿਆ, ‘ਸ਼ਾਨਦਾਰ ਫਰਹਾਦ ਹੁਮਾਯੂੰ ਅੱਜ ਸਵੇਰੇ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ। ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕਰਨ ਵਾਲਾ, ਆਪਣੇ ਸਿਧਾਂਤਾਂ ਨਾਲ ਸਮਝੌਤਾ ਨਾ ਕਰਨ ਵਾਲਾਓ ਤੇ ਬੇਹੱਦ ਮਜ਼ਾਕੀਆ। ਉਹ ਚਾਹੁੰਦੇ ਸਨ ਕਿ ਅਸੀਂ ਉਨ੍ਹਾਂ ਦੀ ਜ਼ਿੰਦਗੀ ਦਾ ਜਸ਼ਨ ਮਨਾਈਏ। ਇਸ ਲਈ ਅਸੀਂ ਉਨ੍ਹਾਂ ਦੇ ਪਰਿਵਾਰ, ਦੋਸਤਾਂ ਤੇ ਪ੍ਰਸ਼ੰਸਕਾਂ ਤੋਂ ਉਨ੍ਹਾਂ ਦਾ ਸਨਮਾਨ ਕਰਨ ਤੇ ਅੱਜ ਉਨ੍ਹਾਂ ਲਈ ਪ੍ਰਾਰਥਨਾ ਕਰਨ ਦੀ ਮੰਗ ਕਰਦੇ ਹਾਂ।’

ਫਰਹਾਦ ਹੁਮਾਯੂੰ ਦੇ ਦਿਹਾਂਤ ਤੋਂ ਬਾਅਦ ਪਾਕਿਸਤਾਨ ’ਚ ਸ਼ੋਕ ਦੀ ਲਹਿਰ ਦੌੜ ਗਈ ਹੈ। ਪ੍ਰਸ਼ੰਸਕਾਂ ਦੇ ਨਾਲ ਸਿਤਾਰੇ ਵੀ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕਰ ਰਹੇ ਹਨ। ਅਲੀ ਜ਼ਫਰ ਨੇ ਆਪਣੀ ਪੋਸਟ ’ਚ ਲਿਖਿਆ, ‘ਅਲਵਿਦਾ ਪੁਰਾਣੇ ਦੋਸਤ, ਤੁਸੀਂ ਬਹੁਤ ਲੋਕਾਂ ਲਈ ਪ੍ਰੇਰਣਾ ਸੀ। ਸੰਗੀਤ ਤੇ ਲੋਕਾਂ ਦੇ ਜੀਵਨ ’ਚ ਤੁਹਾਡੇ ਯੋਗਦਾਨ ਨੂੰ ਕੁਝ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਤੁਸੀਂ ਇਕ ਸੰਗੀਤਕਾਰ ਤੇ ਇਕ ਕਲਾਕਾਰ ਤੋਂ ਜ਼ਿਆਦਾ ਸੀ। ਤੁਸੀਂ ਇਕ ਯੌਧਾ ਸੀ।’

ਉਥੇ ਆਤਿਫ ਅਸਲਮ ਨੇ ਫਰਹਾਦ ਨੂੰ ਸ਼ਰਧਾਂਜਲੀ ਦਿੰਦਿਆਂ ਟਵਿਟਰ ’ਤੇ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, ‘ਧੰਨਵਾਦ ਫਾਦੀ, ਚੰਗਾ ਮਿਊਜ਼ਿਕ ਦੇਣ ਤੇ ਚੰਗਾਂ ਸਮਾਂ, ਮੇਰੀ ਪਹਿਲੀ ਐਲਬਮ ’ਤੇ ਕੰਮ ਕਰਨ ਲਈ, ਦੋਸਤ ਮੈਂ ਆਪਣੇ ਦੋਵਾਂ ਦੇ ਗੀਤ ਨੂੰ ਲੈ ਕੇ ਉਤਸ਼ਾਹਿਤ ਸੀ। ਮੈਂ ਬੋਲਾਂ ’ਤੇ ਕੰਮ ਵੀ ਪੂਰਾ ਕਰ ਲਿਆ ਸੀ ਪਰ ਨਹੀਂ ਪਤਾ ਸੀ ਕਿ ਅਸੀਂ ਇਸ ਨੂੰ ਪੂਰਾ ਨਹੀਂ ਕਰ ਸਕਾਂਗੇ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News