ਮਨੀ ਲਾਂਡਰਿੰਗ ਮਾਮਲਾ : ਈ. ਡੀ. ਨੇ ਅਦਾਕਾਰਾ ਲੀਨਾ ਤੇ ਪਤੀ ਚੰਦਰ ਸ਼ੇਖਰ ਨੂੰ ਕੀਤਾ ਗ੍ਰਿਫ਼ਤਾਰ

Sunday, Oct 10, 2021 - 01:06 PM (IST)

ਨਵੀਂ ਦਿੱਲੀ (ਬਿਊਰੋ)– ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਦੀ ਜਾਂਚ ਸਬੰਧੀ ਜੇਲ੍ਹ ’ਚ ਬੰਦ ਇਕ ਠੱਗ ਸੁਕੇਸ਼ ਚੰਦਰ ਸ਼ੇਖਰ ਤੇ ਉਸ ਦੀ ਅਦਾਕਾਰਾ ਪਤਨੀ ਲੀਨਾ ਮਾਰੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਈ. ਡੀ. ਪਹਿਲਾਂ ਹੀ ਇਸ ਮਾਮਲੇ ’ਚ ਚੰਦਰ ਸ਼ੇਖਰ ਦੇ 2 ਕਥਿਤ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਈ. ਡੀ. ਨੇ ਇਸ ਸਾਲ ਅਗਸਤ ’ਚ ਚੰਦਰ ਸ਼ੇਖਰ ਨਾਲ ਜੁੜੇ ਕੰਪਲੈਕਸਾਂ ’ਤੇ ਵੀ ਛਾਪੇ ਮਾਰੇ ਸਨ।

ਚੇਨਈ ’ਚ ਸਮੁੰਦਰ ਦੇ ਕੰਢੇ ਇਕ ਬੰਗਲੇ ’ਚੋਂ 82.5 ਲੱਖ ਰੁਪਏ ਨਕਦ ਤੇ ਇਕ ਦਰਜਨ ਤੋਂ ਵੱਧ ਕਾਰਾਂ ਜ਼ਬਤ ਕੀਤੀਆਂ ਸਨ। ਜਾਂਚ ਏਜੰਸੀ ਨੇ ਇਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਚੰਦਰ ਸ਼ੇਖਰ ਇਕ ਬਦਨਾਮ ਠੱਗ ਹੈ। ਦਿੱਲੀ ਪੁਲਸ ਉਸ ਵਿਰੁੱਧ ਅਪਰਾਧਿਕ ਸਾਜ਼ਿਸ਼ ਰਚਣ, ਧੋਖਾਦੇਹੀ ਕਰਨ ਤੇ 200 ਕਰੋੜ ਰੁਪਏ ਦੀ ਵਸੂਲੀ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਨਿਰਮਾਤਾ ਇਮਤਿਆਜ਼ ਖਤਰੀ ਦੇ ਕੰਪਲੈਕਸਾਂ ’ਤੇ ਐੱਨ. ਸੀ. ਬੀ. ਵਲੋਂ ਛਾਪੇਮਾਰੀ, ਸ਼ਾਹਰੁਖ ਦੇ ਡਰਾਈਵਰ ਕੋਲੋਂ ਪੁੱਛਗਿੱਛ

ਦੱਸ ਦੇਈਏ ਕਿ ਆਰਥਿਕ ਅਪਰਾਧ ਵਿੰਗ ਤੋਂ ਬਾਅਦ ਈ. ਡੀ. ਨੇ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਸ ਨੂੰ ਰੋਹਿਣੀ ਜੇਲ੍ਹ ਤੋਂ ਜਬਰੀ ਵਸੂਲੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਅਪਰਾਧ ਸ਼ਾਖਾ ਨੇ ਜੇਲ੍ਹ ’ਚ ਬੰਦ ਸਾਬਕਾ ਰੈਨਬੈਕਸੀ ਪ੍ਰਮੋਟਰ ਮਾਲਵਿੰਦਰ ਸਿੰਘ ਦੀ ਪਤਨੀ ਜਪਨਾ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਈ. ਡੀ. ਨੇ ਸ਼ਾਖਾ ਦੁਆਰਾ ਦਰਜ ਕੀਤੇ ਗਏ ਕੇਸ ਦੇ ਆਧਾਰ ’ਤੇ ਇਕ ਨਵਾਂ ਕੇਸ ਦਰਜ ਕੀਤਾ ਸੀ।

ਇਸ ਤੋਂ ਪਹਿਲਾਂ ਰੈਨਬੈਕਸੀ ਦੇ ਇਕ ਹੋਰ ਸਾਬਕਾ ਪ੍ਰਮੋਟਰ ਸ਼ਵਿੰਦਰ ਸਿੰਘ ਦੀ ਪਤਨੀ ਅਦਿਤੀ ਨੇ ਬ੍ਰਾਂਚ ’ਚ 200 ਕਰੋੜ ਰੁਪਏ ਦੀ ਧੋਖਾਧੜੀ ਦੀ ਸ਼ਿਕਾਇਤ ਕੀਤੀ ਸੀ। ਬ੍ਰਾਂਚ ਦੁਆਰਾ ਸੁਕੇਸ਼ ਖ਼ਿਲਾਫ਼ ਧੋਖਾਧੜੀ, ਜ਼ਬਰਦਸਤੀ ਤੇ ਅਪਰਾਧਿਕ ਸਾਜ਼ਿਸ਼ ਦਾ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਸੀ। ਰੇਲੀਗੇਅਰ ਫਿਨਵੈਸਟ ਤੇ ਰੇਲੀਗੇਅਰ ਐਂਟਰਪ੍ਰਾਈਜ਼ਿਜ਼ ਨੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਤੇ ਸ਼ਵਿੰਦਰ ਸਿੰਘ ਵਿਰੁੱਧ 2397 ਕਰੋੜ ਰੁਪਏ ਦੇ ਗਬਨ ਦਾ ਦੋਸ਼ ਲਾਇਆ ਹੈ। ਇਸ ਮਾਮਲੇ ’ਚ ਦੋਵਾਂ ਭਰਾਵਾਂ ਨੂੰ ਸਾਲ 2019 ’ਚ ਆਰਥਿਕ ਅਪਰਾਧ ਸ਼ਾਖਾ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵੇਲੇ ਦੋਵੇਂ ਭਰਾ ਅਕਤੂਬਰ 2019 ਤੋਂ ਤਿਹਾੜ ਜੇਲ੍ਹ ’ਚ ਬੰਦ ਹਨ।

ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ ਦਾ ਕਿਰਾਏਦਾਰ ਬਣਿਆ ਸਟੇਟ ਬੈਂਕ ਆਫ ਇੰਡੀਆ, ਹਰ ਮਹੀਨੇ ਦੇਵੇਗਾ 18.9 ਲੱਖ ਰੁਪਏ

ਸ਼ਵਿੰਦਰ ਦੀ ਪਤਨੀ ਅਦਿਤੀ ਦੀ ਸ਼ਿਕਾਇਤ ’ਤੇ ਸਪੈਸ਼ਲ ਸੈੱਲ ਨੇ ਇਸ ਮਾਮਲੇ ’ਚ ਰੋਹਿਣੀ ਜੇਲ੍ਹ ’ਚ ਬੰਦ ਸੁਕੇਸ਼ ਚੰਦਰਸ਼ੇਖਰ ਨੂੰ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ਕੋਲੋਂ ਮੋਬਾਇਲ ਫੋਨ ਮਿਲੇ ਹਨ। ਅਦਿਤੀ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਜੂਨ 2020 ਨੂੰ ਉਸ ਨੂੰ ਇਕ ਕਾਲ ਆਈ ਸੀ, ਜਿਸ ਨੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਹੋਣ ਦਾ ਨਾਟਕ ਰਚ ਕੇ ਆਪਣੇ ਪਤੀ ਦੀ ਜ਼ਮਾਨਤ ਲੈਣ ’ਚ ਮਦਦ ਕਰਨ ਦਾ ਡਰਾਮਾ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News