ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਢਾ’ ਤੇ ਨੈੱਟਫਲਿਕਸ ਵਿਚਾਲੇ ਡੀਲ ਹੋਈ ਰੱਦ, ਸਾਹਮਣੇ ਆਈ ਇਹ ਵਜ੍ਹਾ

08/22/2022 4:32:41 PM

ਮੁੰਬਈ (ਬਿਊਰੋ)– ‘ਲਾਲ ਸਿੰਘ ਚੱਢਾ’ ਦੇ ਖਰਾਬ ਬਾਕਸ ਆਫਿਸ ਪ੍ਰਦਰਸ਼ਨ ਨੂੰ ਦੇਖ ਕੇ ਹੁਣ ਹਰ ਕਿਸੇ ਦੀਆਂ ਉਮੀਦਾਂ ਇਸ ਫ਼ਿਲਮ ਤੋਂ ਟੁੱਟ ਚੁੱਕੀਆਂ ਹਨ। ਆਮਿਰ ਖ਼ਾਨ ਦੀ ਕਮਬੈਕ ਫ਼ਿਲਮ ਬਾਕਸ ਆਫਿਸ ’ਤੇ ਝੰਡੇ ਗੱਡਣ ’ਚ ਬੁਰੀ ਤਰ੍ਹਾਂ ਨਾਕਾਮ ਹੋ ਗਈ ਹੈ। ‘ਲਾਲ ਸਿੰਘ ਚੱਢਾ’ ਦਾ ਇੰਨਾ ਬੁਰਾ ਹਾਲ ਹੋਵੇਗਾ, ਅਜਿਹਾ ਤਾਂ ਕਿਸੇ ਨੇ ਸੁਪਨੇ ’ਚ ਵੀ ਨਹੀਂ ਸੋਚਿਆ ਹੋਵੇਗਾ। ਨੌਬਤ ਇਹ ਹੈ ਕਿ ‘ਲਾਲ ਸਿੰਘ ਚੱਢਾ’ ਦਾ ਬੁਰਾ ਹਾਲ ਦੇਖ ਕੇ ਨੈੱਟਫਲਿਕਸ ਨੇ ਵੀ ਆਪਣੇ ਪੈਰ ਪਿੱਛੇ ਖਿੱਚ ਲਏ ਹਨ।

ਬੀਤੇ ਕੁਝ ਸਾਲਾਂ ਤੋਂ ਓ. ਟੀ. ਟੀ. ਪਲੇਟਫਾਰਮਜ਼ ਦਾ ਟਰੈਂਡ ਕਾਫੀ ਜ਼ਿਆਦਾ ਵਧਿਆ ਹੈ। ਇਸ ਨੂੰ ਦੇਖਦਿਆਂ ਫ਼ਿਲਮਾਂ ਨੂੰ ਸਿਨੇਮਾਘਰਾਂ ’ਚ ਰਿਲੀਜ਼ ਦੇ ਕੁਝ ਸਮੇਂ ਬਾਅਦ ਓ. ਟੀ. ਟੀ. ’ਤੇ ਵੀ ਰਿਲੀਜ਼ ਕੀਤਾ ਜਾਂਦਾ ਹੈ। ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਓ. ਟੀ. ਟੀ. ਰਿਲੀਜ਼ ਦਾ ਵੀ ਕਈ ਲੋਕਾਂ ਨੂੰ ਇੰਤਜ਼ਾਰ ਹੈ ਪਰ ਹੁਣ ਲੱਗਦਾ ਹੈ ਕਿ ਇਹ ਇੰਤਜ਼ਾਰ ਸਿਰਫ ਇੰਤਜ਼ਾਰ ਬਣ ਕੇ ਹੀ ਰਹਿ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਫਲਾਪ ਫ਼ਿਲਮਾਂ ਲਈ ਅਕਸ਼ੇ ਨੇ ਖ਼ੁਦ ਨੂੰ ਮੰਨਿਆ ਜ਼ਿੰਮੇਵਾਰ, ਕਿਹਾ- ‘ਇਹ ਸਾਰੀ ਮੇਰੀ ਗਲਤੀ...’

ਸੂਤਰਾਂ ਦੀ ਮੰਨੀਏ ਤਾਂ ‘ਲਾਲ ਸਿੰਘ ਚੱਢਾ’ ਨੂੰ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਫਲਾਪ ਹੁੰਦੇ ਦੇਖ ਨੈੱਟਫਲਿਕਸ ਨੇ ਆਮਿਰ ਦੀ ਫ਼ਿਲਮ ਨਾਲ ਹੋਈ ਡੀਲ ਨੂੰ ਰੱਦ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਆਮਿਰ ਖ਼ਾਨ ਤੇ ਵਾਇਕੋਮ ‘ਲਾਲ ਸਿੰਘ ਚੱਢਾ’ ਦੇ ਡਿਜੀਟਲ ਰਾਈਟਸ ਲਈ ਲਗਭਗ 200 ਕਰੋੜ ਰੁਪਏ ਚਾਹੁੰਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਨੈੱਟਫਲਿਕਸ ਨੂੰ ਥਿਏਟਰ ਤੇ ਓ. ਟੀ. ਟੀ. ਰਿਲੀਜ਼ ਵਿਚਾਲੇ ਘੱਟ ਤੋਂ ਘੱਟ ਤਿੰਨ ਮਹੀਨੇ ਦਾ ਗੈਪ ਰੱਖਣ ਦੀ ਮੰਗ ਕੀਤੀ ਸੀ ਪਰ ਹੁਣ ਜਦੋਂ ਫ਼ਿਲਮ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਢੇਰ ਹੋ ਗਈ ਹੈ ਤਾਂ ਨੈੱਟਫਲਿਕਸ ਨੂੰ ਹੁਣ ‘ਲਾਲ ਸਿੰਘ ਚੱਢਾ’ ਨੂੰ ਖਰੀਦਣ ’ਚ ਕੋਈ ਦਿਲਚਸਪੀ ਨਹੀਂ ਹੈ। ਓ. ਟੀ. ਟੀ. ਰਿਲੀਜ਼ ਲਈ ਹੋਈ ਡੀਲ ਰੱਦ ਕਰ ਦਿੱਤੀ ਗਈ ਹੈ।

ਸਵਾਲ ਇਹ ਹੈ ਕਿ ਜਦੋਂ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਨਾਕਾਮ ਹੋਈ ਹੈ ਤਾਂ ਇਸ ਫ਼ਿਲਮ ਨੂੰ ਰਿਲੀਜ਼ ਦੇ 3 ਮਹੀਨਿਆਂ ਬਾਅਦ ਓ. ਟੀ. ਟੀ. ’ਤੇ ਕੌਣ ਦੇਖੇਗਾ ਤੇ ਕਿਉਂ? ਇਹੀ ਕਾਰਨ ਹੈ ਕਿ ‘ਲਾਲ ਸਿੰਘ ਚੱਢਾ’ ਨੂੰ ਕੋਈ ਵੀ ਓ. ਟੀ. ਟੀ. ਪਲੇਟਫਾਰਮ ਖਰੀਦਣ ਲਈ ਤਿਆਰ ਨਹੀਂ ਹੈ। ਆਮਿਰ ਦੀ ਫ਼ਿਲਮ ਨੂੰ ਢੇਰ ਹੁੰਦਾ ਦੇਖ ਹਰ ਕਿਸੇ ਨੇ ਹੱਥ ਖੜ੍ਹੇ ਕਰ ਦਿੱਤੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News