ਧਾਰਾ-370 ਹਟਾਉਣ ਮਗਰੋਂ ਜੰਮੂ ਤੇ ਊਧਮਪੁਰ ਸੀਟਾਂ ’ਤੇ ਸਜਿਆ ਚੋਣ ਅਖਾੜਾ, ਜਨਤਾ ਵਿਚਾਲੇ ਕਾਂਗਰਸ ਤੇ ਭਾਜਪਾ
Sunday, Mar 31, 2024 - 10:05 AM (IST)
ਜੰਮੂ- ਅਗਸਤ 2019 ’ਚ ਜੰਮੂ-ਕਸ਼ਮੀਰ ਵਿਚ ਆਰਟੀਕਲ 370 ਹਟਾਉਣ ਤੋਂ ਬਾਅਦ ਭਾਜਪਾ ਦੇ ਉਮੀਦਵਾਰ ਹੁਣ ਪਹਿਲੇ ਦੋ ਪੜਾਵਾਂ ਦੀਆਂ ਚੋਣਾਂ ਲਈ ਜਨਤਾ ਵਿਚ ਆ ਗਏ ਹਨ। ਜੰਮੂ ਤੋਂ ਭਾਜਪਾ ਉਮੀਦਵਾਰ ਜੁਗਲ ਕਿਸ਼ੋਰ ਨੇ ਸ਼ਨੀਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਦੋਂ ਕਿ ਜਿਤੇਂਦਰ ਸਿੰਘ ਊਧਮਪੁਰ ਸੀਟ ਤੋਂ ਚੋਣ ਮੈਦਾਨ ਵਿਚ ਹਨ। ਕਾਂਗਰਸੀ ਉਮੀਦਵਾਰ ਚੌਧਰੀ ਲਾਲ ਸਿੰਘ ਨੇ ਵੀ ਊਧਮਪੁਰ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ, ਜਦਕਿ ਕਾਂਗਰਸ ਨੇ ਜੰਮੂ ਸੀਟ ਤੋਂ ਰਮਨ ਭੱਲਾ ਨੂੰ ਉਮੀਦਵਾਰ ਬਣਾਇਆ ਹੈ। ਪਿਛਲੀਆਂ ਚੋਣਾਂ ਦੌਰਾਨ ਇਹ ਦੋਵੇਂ ਸੀਟਾਂ ਭਾਜਪਾ ਨੇ ਜਿੱਤੀਆਂ ਸਨ ਅਤੇ ਇਸ ਵਾਰ ਵੀ ਦੋਵਾਂ ਸੀਟਾਂ ’ਤੇ ਮੁੱਖ ਮੁਕਾਬਲਾ ਕਾਂਗਰਸ ਤੇ ਭਾਜਪਾ ਵਿਚਾਲੇ ਹੈ। ਊਧਮਪੁਰ ਸੀਟ ’ਤੇ ਨਾਮਜ਼ਦਗੀ ਪ੍ਰਕਿਰਿਆ ਖਤਮ ਹੋ ਗਈ ਹੈ ਅਤੇ ਇਸ ਸੀਟ ’ਤੇ ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ, ਜਦਕਿ ਜੰਮੂ ਸੀਟ ’ਤੇ ਨਾਮਜ਼ਦਗੀ ਪ੍ਰਕਿਰਿਆ 4 ਅਪ੍ਰੈਲ ਤੱਕ ਜਾਰੀ ਰਹੇਗੀ। ਇਸ ਸੀਟ ’ਤੇ 26 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ।
80 ਫੀਸਦੀ ਵੋਟ ਹਾਸਲ ਕਰੇਗੀ ਭਾਜਪਾ : ਜੁਗਲ ਕਿਸ਼ੋਰ ਸ਼ਰਮਾ
ਜੰਮੂ ਸੀਟ ਤੋਂ ਨਾਮਜ਼ਦਗੀ ਭਰਨ ਤੋਂ ਬਾਅਦ ਭਾਜਪਾ ਉਮੀਦਵਾਰ ਜੁਗਲ ਕਿਸ਼ੋਰ ਨੇ ਦਾਅਵਾ ਕੀਤਾ ਕਿ ਇਸ ਵਾਰ ਭਾਜਪਾ ਨੂੰ ਇਸ ਸੀਟ ਤੋਂ 80 ਫੀਸਦੀ ਵੋਟਾਂ ਮਿਲਣਗੀਆਂ। 2019 ਦੀਆਂ ਚੋਣਾਂ ਵਿਚ ਭਾਜਪਾ ਨੇ ਇਸ ਸੀਟ ਤੋਂ 58 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਵਿਰੋਧੀ ਧਿਰ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕੋਲ ਜੰਮੂ-ਕਸ਼ਮੀਰ ਦਾ ਵਿਕਾਸ ਦੇਖਣ ਦੀ ਐਨਕ ਨਹੀਂ ਹੈ, ਇਸ ਲਈ ਉਹ ਵਿਕਾਸ ਨਹੀਂ ਦੇਖ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਰਟੀਕਲ 370 ਹਟਾਏ ਜਾਣ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਹਾਲਾਤ ਅਤੇ ਅੱਜ ਦੇ ਹਾਲਾਤ ਦਾ ਸਹੀ ਮੁਲਾਂਕਣ ਕੀਤਾ ਜਾਵੇ ਤਾਂ ਤਸਵੀਰ ਆਪਣੇ ਆਪ ਸਪੱਸ਼ਟ ਹੋ ਜਾਵੇਗੀ। ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਸੂਬੇ ਦੇ ਵਿਕਾਸ ਨੇ ਰਫ਼ਤਾਰ ਫੜੀ ਹੈ। ਹੁਣ ਸੂਬੇ ਵਿਚ ਵਿਰੋਧ ਪ੍ਰਦਰਸ਼ਨ ਰੁੱਕ ਗਏ ਹਨ। ਜੰਮੂ-ਕਸ਼ਮੀਰ ਨੇ ਆਈ. ਆਈ. ਟੀ., ਏ. ਆਈ. ਆਈ. ਐੱਮ. ਐੱਸ., ਸੜਕੀ ਨੈੱਟਵਰਕ, ਸਰਹੱਦ ’ਤੇ ਸ਼ਾਂਤੀ, ਆਯੁਸ਼ਮਾਨ, ਜਲ ਸ਼ਕਤੀ ਯੋਜਨਾਵਾਂ ਰਾਹੀਂ ਤਰੱਕੀ ਕੀਤੀ ਹੈ।
ਭਾਜਪਾ ਕੋਲ ਵਿਕਾਸ ਦਾ ਏਜੰਡਾ ਨਹੀਂ : ਭੱਲਾ
ਦੂਜੇ ਪਾਸੇ ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਜੰਮੂ ਤੋਂ ਕਾਂਗਰਸ ਦੇ ਉਮੀਦਵਾਰ ਰਮਨ ਭੱਲਾ ਨੇ ਸਾਂਬਾ ’ਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਭਰ ’ਚ ਭਾਜਪਾ ਦੇ ਉਮੀਦਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਨਾਂ ’ਤੇ ਵਾਧੂ ਵੋਟਾਂ ਮੰਗ ਰਹੇ ਹਨ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਭਾਜਪਾ ਦੇ ਆਪਣੇ ਉਮੀਦਵਾਰਾਂ ਕੋਲ ਜਨਤਾ ਨਾਲ ਜੁੜੇ ਅਸਲ ਮੁੱਦਿਆਂ ’ਤੇ ਕਹਿਣ ਲਈ ਕੁਝ ਨਹੀਂ ਹੈ ਕਿਉਂਕਿ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਕੇਂਦਰ ਸਰਕਾਰ ਨੇ 5 ਸਾਲਾਂ ’ਚ ਕੋਈ ਕੰਮ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਨੇ ਵੱਡੇ ਉਦਯੋਗਪਤੀਆਂ ਅਤੇ ਅਮੀਰਾਂ ਦਾ ਭਲਾ ਹੀ ਕੀਤਾ ਹੈ ਅਤੇ ਗਰੀਬ ਲੋਕਾਂ ਲਈ ਕੁਝ ਨਹੀਂ ਕੀਤਾ। ਕਾਂਗਰਸ ਗਰੀਬਾਂ ਦੀ ਪਾਰਟੀ ਹੈ ਇਸ ਲਈ ਦੇਸ਼ ਦੇ ਗਰੀਬ ਅਤੇ ਆਮ ਨਾਗਰਿਕਾਂ ਦੀ ਭਲਾਈ ਲਈ ਲੋਕਾਂ ਨੂੰ ਇਸ ਵਾਰ ਕਾਂਗਰਸ ਨੂੰ ਮੌਕਾ ਦੇਣਾ ਚਾਹੀਦਾ ਹੈ।