ਕੁਲਵਿੰਦਰ ਬਿੱਲਾ ਨੇ ਸਿੱਧੂ ਦੇ ਗੀਤ ਨੂੰ ਲੈ ਕੇ ਵਾਇਰਲ ਹੋਈ ਵੀਡੀਓ ’ਤੇ ਦਿੱਤਾ ਸਪੱਸ਼ਟੀਕਰਨ

06/25/2022 10:30:54 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਲੋਕਾਂ ਦਾ ਇਤਰਾਜ਼ ਹੈ ਕਿ ਕੁਲਵਿੰਦਰ ਬਿੱਲਾ ਸਿੱਧੂ ਮੂਸੇ ਵਾਲਾ ਦੇ ਗੀਤ ‘ਐੱਸ. ਵਾਈ. ਐੱਲ.’ ਨੂੰ ਲੈ ਕੇ ਖੁੱਲ੍ਹ ਕੇ ਨਹੀਂ ਬੋਲਿਆ ਤੇ ਉਸ ਨੇ ਸਿੱਧੂ ਤੇ ਉਸ ਦੇ ਗੀਤ ਦੀ ਬੇਇੱਜ਼ਤੀ ਕੀਤੀ ਹੈ।

ਇਸ ਵਿਵਾਦ ’ਤੇ ਕੁਝ ਘੰਟੇ ਪਹਿਲਾਂ ਹੀ ਕੁਲਵਿੰਦਰ ਬਿੱਲਾ ਨੇ ਇਕ ਵੀਡੀਓ ਰਾਹੀਂ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਕੁਲਵਿੰਦਰ ਬਿੱਲਾ ਨੇ ਕਿਹਾ ਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਹ ਉਨ੍ਹਾਂ ਦੀ ਫ਼ਿਲਮ ‘ਟੈਲੀਵਿਜ਼ਨ’ ਦੇ ਪ੍ਰੀਮੀਅਰ ਦੌਰਾਨ ਦੀ ਹੈ। ਇਸ ਦੌਰਾਨ ਇਕ ਪੱਤਰਕਾਰ ਨੇ ਸਿੱਧੂ ਦੇ ਗੀਤ ਨੂੰ ਲੈ ਕੇ ਸਵਾਲ ਪੁੱਛ ਲਿਆ ਤੇ ਉਨ੍ਹਾਂ ਨੇ ਬਹੁਤ ਘੱਟ ਸ਼ਬਦਾਂ ’ਚ ਇਸ ਦਾ ਜਵਾਬ ਦਿੱਤਾ, ਜਿਸ ਦਾ ਉਨ੍ਹਾਂ ਨੂੰ ਅਹਿਸਾਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਮੌਕਾ ਅਜਿਹਾ ਸੀ ਕਿ ਸਭ ਕੁਝ ਜਲਦੀ-ਜਲਦੀ ਖ਼ਤਮ ਕਰਨਾ ਸੀ ਤੇ ਸਮਾਂ ਘੱਟ ਸੀ।

ਇਹ ਖ਼ਬਰ ਵੀ ਪੜ੍ਹੋ : 16 ਘੰਟਿਆਂ ’ਚ 1.30 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ‘ਐੱਸ. ਵਾਈ. ਐੱਲ.’ ਗੀਤ, ਨੰਬਰ 1 ’ਤੇ ਕਰ ਰਿਹਾ ਟਰੈਂਡ

ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਮੂਸੇ ਵਾਲਾ ਮੇਰੇ ਇਲਾਕੇ ਦਾ ਹੀ ਮੁੰਡਾ ਹੈ। ਉਸ ਦੇ ਗੀਤ ਜਿੰਨੇ ਤੁਹਾਨੂੰ ਪਸੰਦ ਹਨ, ਉਨੇ ਉਨ੍ਹਾਂ ਨੂੰ ਵੀ ਪਸੰਦ ਹਨ। ਸਾਰੀ ਦੁਨੀਆ ਸਿੱਧੂ ਦੇ ਗੀਤ ਸੁਣਦੀ ਹੈ। ਨਾਲ ਹੀ ਕੁਲਵਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪੰਜਾਬ ਲਈ ਗਾਇਆ ਹੈ ਤੇ ਪੰਜਾਬ ਨੂੰ ਵੰਡਣ ਦੀ ਥਾਂ ਇਕੱਠੇ ਹੋ ਕੇ ਰਹੀਏ।

ਕੁਲਵਿੰਦਰ ਬਿੱਲਾ ਦੀ ਫ਼ਿਲਮ ‘ਟੈਲੀਵਿਜ਼ਨ’ ਦੀ ਗੱਲ ਕਰੀਏ ਤਾਂ ਇਹ ਕੱਲ ਯਾਨੀ 24 ਜੂਨ ਨੂੰ ਰਿਲੀਜ਼ ਹੋ ਗਈ ਹੈ। ਫ਼ਿਲਮ ’ਚ ਕੁਲਵਿੰਦਰ ਬਿੱਲਾ ਨਾਲ ਮੈਂਡੀ ਤੱਖੜ ਤੇ ਗੁਰਪ੍ਰੀਤ ਘੁੱਗੀ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਨੋਟ- ਕੁਲਵਿੰਦਰ ਬਿੱਲਾ ਦੇ ਇਸ ਬਿਆਨ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News