ਕੇ. ਆਰ. ਕੇ. ਨੇ ਮੰਗੀ ਸਲਮਾਨ ਖ਼ਾਨ ਤੋਂ ਮੁਆਫ਼ੀ, ਅਦਾਕਾਰ ’ਤੇ ਬਣਾਈਆਂ ਵੀਡੀਓਜ਼ ਵੀ ਕੀਤੀਆਂ ਡਿਲੀਟ

Saturday, Jun 26, 2021 - 11:58 AM (IST)

ਕੇ. ਆਰ. ਕੇ. ਨੇ ਮੰਗੀ ਸਲਮਾਨ ਖ਼ਾਨ ਤੋਂ ਮੁਆਫ਼ੀ, ਅਦਾਕਾਰ ’ਤੇ ਬਣਾਈਆਂ ਵੀਡੀਓਜ਼ ਵੀ ਕੀਤੀਆਂ ਡਿਲੀਟ

ਮੁੰਬਈ (ਬਿਊਰੋ)– ਕੇ. ਆਰ. ਕੇ. ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖ਼ੀਆਂ ’ਚ ਰਹਿੰਦਾ ਹੈ। ਉਹ ਅਕਸਰ ਆਪਣੇ ਚੈਨਲ ’ਤੇ ਬਾਲੀਵੁੱਡ ਸਿਤਾਰਿਆਂ ਦੀਆਂ ਫ਼ਿਲਮਾਂ ਦੀ ਸਮੀਖਿਆ ਕਰਦਾ ਹੈ। ਉਸ ਦੀਆਂ ਵੀਡੀਓਜ਼ ’ਚ ਕਈ ਵਾਰ ਗਾਲ੍ਹਾਂ ਦੀ ਵਰਤੋਂ ਵੀ ਹੁੰਦੀ ਹੈ। ਹਾਲ ਹੀ ’ਚ ਉਸ ਨੇ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ’ਤੇ ਨਾਕਾਰਾਤਮਕ ਸਮੀਖਿਆ ਦਿੱਤੀ ਸੀ, ਜਿਸ ਨੂੰ ਵੇਖ ਕੇ ਨਾ ਸਿਰਫ ਸਲਮਾਨ ਖ਼ਾਨ ਦੇ ਪ੍ਰਸ਼ੰਸਕ ਉਸ ’ਤੇ ਨਾਰਾਜ਼ ਹੋਏ, ਸਗੋਂ ਇਸ ਤੋਂ ਬਾਅਦ ਸਲਮਾਨ ਖ਼ਾਨ ਦੀ ਟੀਮ ਨੇ ਕੇ. ਆਰ. ਕੇ. ’ਤੇ ਮਾਣਹਾਨੀ ਦਾ ਕੇਸ ਕੀਤਾ।

ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਆਪਣਾ ਅੰਤਿਮ ਫ਼ੈਸਲਾ ਸੁਣਾਉਂਦਿਆਂ ਹੁਕਮ ਦਿੱਤਾ ਸੀ ਕਿ ਹੁਣ ਕੇ. ਆਰ. ਕੇ. ਸਲਮਾਨ ਖ਼ਾਨ ਦੇ ਖ਼ਿਲਾਫ਼ ਕੋਈ ਪੋਸਟ ਨਹੀਂ ਦੇ ਸਕੇਗਾ। ਅਦਾਲਤ ਦਾ ਹੁਕਮ ਮਿਲਣ ਤੋਂ ਬਾਅਦ ਹੁਣ ਕੇ. ਆਰ. ਕੇ. ਨੇ ਇਸ ਮਾਮਲੇ ’ਤੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਸਲਮਾਨ ਤੋਂ ਸੋਸ਼ਲ ਮੀਡੀਆ ’ਤੇ ਮੁਆਫ਼ੀ ਮੰਗੀ ਹੈ।

ਕੇ. ਆਰ. ਕੇ. ਨੇ ਟਵੀਟ ਕਰਕੇ ਲਿਖਿਆ, ‘ਪਿਆਰੇ ਸਲਮਾਨ ਖ਼ਾਨ ਮੈਂ ਤੁਹਾਡੇ ’ਤੇ ਮੇਰੇ ਵਲੋਂ ਬਣਾਈਆਂ ਸਾਰੀਆਂ ਵੀਡੀਓਜ਼ ਡਿਲੀਟ ਕਰ ਦਿੱਤੀਆਂ ਹਨ। ਮੇਰਾ ਮਤਲਬ ਇਹ ਨਹੀਂ ਕਿ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈਏ ਜਾਂ ਕਿਸੇ ਹੋਰ ਨੂੰ ਪਰ ਮੈਂ ਤੁਹਾਡੇ ਖ਼ਿਲਾਫ਼ ਅਦਾਲਤ ’ਚ ਕੇਸ ਲੜਦਾ ਰਹਾਂਗਾ। ਮੈਂ ਤੁਹਾਡੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਸਮੀਖਿਆ ਕਰਾਂਗਾ, ਜਦੋਂ ਮੈਨੂੰ ਅਦਾਲਤ ਤੋਂ ਇਜਾਜ਼ਤ ਮਿਲੇਗੀ। ਤੁਹਾਡੇ ਸਾਰਿਆਂ ਨੂੰ ਤੁਹਾਡੇ ਭਵਿੱਖ ਲਈ ਸ਼ੁਭਕਾਮਨਾਵਾਂ।’

ਸਲਮਾਨ ਖ਼ਾਨ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਕੇ. ਆਰ. ਕੇ. ਨੇ ਅੱਗੇ ਲਿਖਿਆ, ‘ਜੇਕਰ ਮੇਰੇ ਤੋਂ ਤੁਹਾਡੀ ਕੋਈ ਵੀ ਵੀਡੀਓ ਖੁੰਝ ਗਈ ਹੋਵੇ ਤਾਂ ਤੁਹਾਡੀ ਟੀਮ ਮੈਨੂੰ ਇਸ ਬਾਰੇ ਜਾਣਕਾਰੀ ਦੇ ਸਕਦੀ ਹੈ। ਜੇ ਤੁਹਾਨੂੰ ਮੇਰੀ ਕਿਸੇ ਵੀ ਵੀਡੀਓ ਨਾਲ ਮੁਸ਼ਕਿਲ ਹੈ ਤਾਂ ਮੈਂ ਉਨ੍ਹਾਂ ਵੀਡੀਓਜ਼ ਨੂੰ ਵੀ ਡਿਲੀਟ ਕਰ ਦੇਵਾਂਗਾ।’

ਦੱਸ ਦੇਈਏ ਕਿ ਸਲਮਾਨ ਖ਼ਾਨ ਤੇ ਦਿਸ਼ਾ ਪਾਟਨੀ ਦੀ ਫ਼ਿਲਮ ‘ਰਾਧੇ’ ’ਤੇ ਕੇ. ਆਰ. ਕੇ. ਦੀ ਸਮੀਖਿਆ ਨੇ ਕਾਫੀ ਹੰਗਾਮਾ ਮਚਾਇਆ ਸੀ। ਸਲਮਾਨ ਖ਼ਾਨ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਕੇ. ਆਰ. ਕੇ. ’ਤੇ ਗੁੱਸਾ ਹੋਏ ਸਨ। ਸਲਮਾਨ ਖ਼ਾਨ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਕੇ. ਆਰ. ਕੇ. ਨੂੰ ਸੋਸ਼ਲ ਮੀਡੀਆ ’ਤੇ ਇਹ ਕਹਿ ਕੇ ਟੈਗ ਕੀਤਾ ਕਿ ਉਹ ਸਲਮਾਨ ਖ਼ਾਨ ਤੋਂ ਡਰਦਾ ਹੈ, ਜਿਸ ਦਾ ਜਵਾਬ ਕੇ. ਆਰ. ਕੇ. ਨੇ ਲਿਖਿਆ, ‘ਜਿਹੜੇ ਲੋਕ ਕਹਿ ਰਹੇ ਹਨ ਕਿ ਮੈਂ ਡਰ ਗਿਆ ਹਾਂ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਦਾਲਤ ਨੇ ਮੈਨੂੰ ਉਨ੍ਹਾਂ ਵੀਡੀਓਜ਼ ਨੂੰ ਡਿਲੀਟ ਕਰਨ ਦਾ ਹੁਕਮ ਨਹੀਂ ਦਿੱਤਾ ਸੀ ਪਰ ਮੈਂ ਇਹ ਆਪਣੇ ਆਪ ਕੀਤਾ ਸੀ ਕਿਉਂਕਿ ਮੈਨੂੰ ਭੈੜੀ ਸੋਚ ਮਹਿਸੂਸ ਹੋ ਰਹੀ ਸੀ ਕਿ ਕੋਈ ਮੇਰੇ ਕਾਰਨ ਬਹੁਤ ਦੁਖੀ ਹੋ ਰਿਹਾ ਹੈ। ਮੈਂ ਇਥੇ ਕਿਸੇ ਨੂੰ ਵੀ ਠੇਸ ਪਹੁੰਚਾਏ ਬਿਨਾਂ ਆਪਣੇ ਅਧਿਕਾਰਾਂ ਦੀ ਰੱਖਿਆ ਕਰਨਾ ਚਾਹੁੰਦਾ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News