ਬਿੱਗ ਬੌਸ ਜੇਤੂ ਐੱਮ. ਸੀ. ਸਟੈਨ ਦਾ ਸ਼ੋਅ ਰੱਦ, ਕਰਣੀ ਸੈਨਾ ਨੇ ਕੀਤਾ ਵਿਰੋਧ, ਸ਼ੋਅ ਛੱਡ ਭੱਜਿਆ ਰੈਪਰ

Saturday, Mar 18, 2023 - 02:42 PM (IST)

ਮੁੰਬਈ (ਬਿਊਰੋ)– ਬਿੱਗ ਬੌਸ ਦੇ ਜੇਤੂ ਤੇ ਰੈਪਰ ਐੱਮ. ਸੀ. ਸਟੈਨ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ। ਐੱਮ. ਸੀ. ਸਟੈਨ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਕ੍ਰੇਜ਼ ਸੱਤਵੇਂ ਅਸਮਾਨ ’ਤੇ ਬਰਕਰਾਰ ਹੈ। ਐੱਮ. ਸੀ. ਸਟੈਨ ਬਿੱਗ ਬੌਸ ਤੋਂ ਲਗਾਤਾਰ ਸ਼ੋਅ ਕਰ ਰਹੇ ਹਨ। ਇਨ੍ਹਾਂ ਦੀ ਮੰਗ ਬਹੁਤ ਵੱਧ ਗਈ ਹੈ ਪਰ ਹੁਣ ਐੱਮ. ਸੀ. ਸਟੈਨ ਨੂੰ ਲੈ ਕੇ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰਣੀ ਸੈਨਾ ਨੇ ਇੰਦੌਰ ’ਚ ਰੈਪਰ ਦੇ ਸ਼ੋਅ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਵੈਂਟ ਛੱਡਣਾ ਪਿਆ।

ਜਾਣਕਾਰੀ ਮੁਤਾਬਕ ਇੰਦੌਰ ਦੇ ਲਸੂੜੀਆ ਥਾਣਾ ਖੇਤਰ ਦੇ ਇਕ ਹੋਟਲ ’ਚ ਐੱਮ. ਸੀ. ਸਟੈਨ ਦਾ ਕੰਸਰਟ ਹੋਣਾ ਸੀ, ਜਿਸ ’ਚ ਰੈਪਰ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਸਨ ਕਿ ਜੇਕਰ ਉਸ ਨੇ ਕੋਈ ਇਤਰਾਜ਼ਯੋਗ ਸ਼ਬਦ ਵਰਤਿਆ ਤਾਂ ਕਰਣੀ ਸੈਨਾ ਇਸ ਦਾ ਵਿਰੋਧ ਕਰੇਗੀ ਪਰ ਗਾਇਕ-ਰੈਪਰ ਐੱਮ. ਸੀ. ਸਟੈਨ ਨਹੀਂ ਮੰਨੇ ਤੇ ਜਿਵੇਂ ਹੀ ਉਨ੍ਹਾਂ ਨੇ ਦੇਰ ਰਾਤ ਸੰਗੀਤ ਸਮਾਰੋਹ ’ਚ ਗਾਇਆ ਤਾਂ ਕਰਣੀ ਸੈਨਾ ਦੇ ਲੋਕ ਸਟੇਜ ’ਤੇ ਪਹੁੰਚ ਗਏ।

ਹੰਗਾਮੇ ਕਾਰਨ ਐੱਮ. ਸੀ. ਸਟੈਨ ਨੂੰ ਸ਼ੋਅ ਵਿਚਾਲੇ ਛੱਡ ਕੇ ਭੱਜਣਾ ਪਿਆ। ਹੰਗਾਮਾ ਇੰਨਾ ਵੱਧ ਗਿਆ ਕਿ ਪੁਲਸ ਨੂੰ ਹਲਕਾ ਲਾਠੀਚਾਰਜ ਕਰਨਾ ਪਿਆ। ਕਰਣੀ ਸੈਨਾ ਦੇ ਵਿਰੋਧ ਤੋਂ ਬਾਅਦ ਹੋਟਲ ਮੈਨੇਜਮੈਂਟ ਨੂੰ ਕੰਸਰਟ ਰੱਦ ਕਰਨਾ ਪਿਆ। ਸੈਂਕੜੇ ਲੋਕ ਸੜਕਾਂ ’ਤੇ ਇਕੱਠੇ ਹੋਏ, ਜਿਥੇ ਕਰਣੀ ਸੈਨਾ ਲਗਾਤਾਰ ਪ੍ਰਦਰਸ਼ਨ ਕਰ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਨੇ ਬੱਬੂ ਮਾਨ ਤੇ ਮਨਕੀਰਤ ਔਲਖ ਬਾਰੇ ਆਖੀ ਇਹ ਗੱਲ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਰਣੀ ਸੈਨਾ ਦੇ ਵਰਕਰ ਦਿਗਵਿਜੇ ਸੋਲੰਕੀ ਆਪਣੇ ਵਰਕਰਾਂ ਦੇ ਨਾਲ ਦੇਰ ਰਾਤ ਲਸੂੜੀਆ ਥਾਣਾ ਖੇਤਰ ਦੇ ਜਾਰਡਨ ਹੋਟਲ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਐੱਮ. ਸੀ. ਸਟੈਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਤੋਂ ਬਾਅਦ ਹੋਟਲ ’ਚ ਹੰਗਾਮਾ ਹੋਇਆ ਦੇਖ ਕੇ ਤਿੰਨ ਥਾਣਿਆਂ ਦੀ ਪੁਲਸ ਨੂੰ ਮੌਕੇ ’ਤੇ ਬੁਲਾਉਣਾ ਪਿਆ।

ਇੰਨਾ ਹੀ ਨਹੀਂ ਕਰਣੀ ਸੈਨਾ ਨੇ ਸਟੇਜ ’ਤੇ ਚੜ੍ਹ ਕੇ ਸਮਾਗਮ ’ਚ ਆਏ ਦਰਸ਼ਕਾਂ ਨੂੰ ਵੀ ਹਦਾਇਤ ਕੀਤੀ ਕਿ ਕਰਣੀ ਸੈਨਾ ਅਜਿਹੇ ਇਤਰਾਜ਼ਯੋਗ ਤੇ ਅਸ਼ਲੀਲ ਸਟੇਜ ਸ਼ੋਅ ਕਰਨ ਵਾਲਿਆਂ ਦਾ ਲਗਾਤਾਰ ਵਿਰੋਧ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ’ਚ ਇਹ ਵੀ ਕਿਹਾ ਕਿ ਜਿਥੇ ਵੀ ਐੱਮ. ਸੀ. ਸਟੈਨ ਮਿਲਿਆ, ਉਸ ਦੀ ਕੁੱਟਮਾਰ ਕੀਤੀ ਜਾਵੇਗੀ।

ਕਰਣੀ ਸੈਨਾ ਦੇ ਵਰਕਰ ਦਿਗਵਿਜੇ ਸੋਲੰਕੀ ਨੇ ਕਿਹਾ, ‘‘ਅਸੀਂ ਆਪਣੀ ਸੰਸਕ੍ਰਿਤੀ ਦੇ ਖ਼ਿਲਾਫ਼ ਕੁਝ ਨਹੀਂ ਜਾਣ ਦੇਵਾਂਗੇ। ਅਸੀਂ ਪਹਿਲਾਂ ਵੀ ਇਨਕਾਰ ਕਰ ਦਿੱਤਾ ਸੀ।’’ ਇਨ੍ਹਾਂ ਤੋਂ ਇਲਾਵਾ ਜ਼ਿਲਾ ਪ੍ਰਧਾਨ ਅਨੁਰਾਗ ਪ੍ਰਤਾਪ ਸਿੰਘ ਨੇ ਕਿਹਾ, ‘‘ਅਸੀਂ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਤੁਸੀਂ ਇੰਦੌਰ ’ਚ ਸ਼ੋਅ ਕਰੋਗੇ ਤਾਂ ਗਾਲ੍ਹਾਂ ਨਹੀਂ ਚੱਲਣਗੀਆਂ ਪਰ ਉਹ ਨਾ ਮੰਨੀ। ਅਸੀਂ ਵਿਰੋਧ ਕੀਤਾ ਤੇ ਉਸ ਨੂੰ ਸ਼ੋਅ ਛੱਡਣਾ ਪਿਆ। ਅਸੀਂ ਆਪਣੇ ਬੱਚਿਆਂ ਨੂੰ ਕਿਹੜਾ ਸੱਭਿਆਚਾਰ ਦੇ ਰਹੇ ਹਾਂ।’’

ਇਹ ਖ਼ਬਰ ਵੀ ਪੜ੍ਹੋ : ਗਾਇਕ ਗੁਰਦਾਸ ਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਸਰਬਤ ਦੇ ਭਲੇ ਦੀ ਕੀਤੀ ਅਰਦਾਸ (ਤਸਵੀਰਾਂ)

ਐੱਮ. ਸੀ. ਸਟੈਨ ਇਕ ਰੈਪਰ ਤੇ ਗਾਇਕ ਹੈ। ਐੱਮ. ਸੀ. ਸਟੈਨ ਦਾ ਅਸਲੀ ਨਾਂ ਅਲਤਾਫ਼ ਸ਼ੇਖ ਹੈ। ਉਹ ਪੁਣੇ ਦਾ ਰਹਿਣ ਵਾਲਾ ਹੈ। ਗਾਇਕ ਨੇ ਆਪਣਾ ਬਚਪਨ ਬੇਹੱਦ ਗਰੀਬੀ ’ਚ ਗੁਜ਼ਾਰਿਆ ਹੈ। ਐੱਮ. ਸੀ. ਸਟੈਨ ਨੌਜਵਾਨਾਂ ’ਚ ਬਹੁਤ ਮਸ਼ਹੂਰ ਹੈ। ਉਸ ਦੇ ਗੀਤ ਆਉਂਦੇ ਹੀ ਟਰੈਂਡ ਕਰਨ ਲੱਗ ਜਾਂਦੇ ਹਨ। ਐੱਮ. ਸੀ. ਸਟੈਨ ਨੂੰ ਬਿੱਗ ਬੌਸ ਸ਼ੋਅ ਤੋਂ ਖ਼ਾਸ ਪਛਾਣ ਮਿਲੀ ਹੈ। ਸ਼ੋਅ ’ਚ ਉਨ੍ਹਾਂ ਦਾ ਸਫਰ ਉਤਾਰ-ਚੜ੍ਹਾਅ ਨਾਲ ਭਰਿਆ ਰਿਹਾ ਪਰ ਪ੍ਰਸ਼ੰਸਕਾਂ ਨੇ ਉਸ ਨੂੰ ਬੇਅੰਤ ਪਿਆਰ ਦਿੱਤਾ ਤੇ ਉਸ ਨੂੰ ਬਿੱਗ ਬੌਸ ਦਾ ਜੇਤੂ ਬਣਾ ਦਿੱਤਾ। ਹੁਣ ਉਨ੍ਹਾਂ ਦੇ ਪ੍ਰਸ਼ੰਸਕ ਐੱਮ. ਸੀ. ਸਟੈਨ ਦੇ ਕੰਸਰਟ ’ਚ ਹੋਏ ਹੰਗਾਮੇ ਤੋਂ ਬਹੁਤ ਨਿਰਾਸ਼ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News