ਕਨਵਰ ਗਰੇਵਾਲ ਨੇ ਨੌਜਵਾਨੀ ਨੂੰ ਗੀਤ ਰਾਹੀਂ ਬਜ਼ੁਰਗਾਂ ਦਾ ਖਿਆਲ ਰੱਖਣ ਲਈ ਕੀਤਾ ਪ੍ਰੇਰਿਤ (ਵੀਡੀਓ)
Wednesday, Jan 06, 2021 - 02:31 PM (IST)
ਚੰਡੀਗੜ੍ਹ (ਬਿਊਰੋ)– ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਵੱਖ-ਵੱਖ ਵਰਗ ਦੇ ਲੋਕਾਂ ਵਲੋਂ ਸਹਿਯੋਗ ਮਿਲ ਰਿਹਾ ਹੈ। ਇਸ ਦੇ ਚੱਲਦਿਆਂ ਸਾਰੇ ਪੰਜਾਬੀ ਕਲਾਕਾਰ ਤੇ ਅਦਾਕਾਰ ਵੀ ਕਿਸਾਨਾਂ ਦੇ ਪੱਖ ’ਚ ਖੜ੍ਹੇ ਹੋਏ ਹਨ। ਇਨ੍ਹਾਂ ’ਚੋਂ ਇਕ ਗਾਇਕ ਹਨ ਕਨਵਰ ਗਰੇਵਾਲ, ਜੋ ਦਿੱਲੀ ਵਿਖੇ ਕਿਸਾਨਾਂ ਦਾ ਲਗਾਤਾਰ ਸਮਰਥਨ ਕਰ ਰਹੇ ਹਨ। ਇਸ ਅੰਦੋਲਨ ਦੌਰਾਨ ਕਨਵਰ ਗਰੇਵਾਲ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ।
ਬੀਤੇ ਦਿਨੀਂ ਕਨਵਰ ਗਰੇਵਾਲ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ਹੈ ‘ਬੇਬੇ ਬਾਪੂ ਦਾ ਖਿਆਲ’। ਗੀਤ ਨੂੰ ਕਨਵਰ ਗਰੇਵਾਲ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਵਰੀ ਰਾਏ ਨੇ ਲਿਖੇ ਹਨ। ਗੀਤ ਨੂੰ ਸੰਗੀਤ ਭਾਈ ਮੰਨਾ ਸਿੰਘ ਨੇ ਦਿੱਤਾ ਹੈ, ਜਦਕਿ ਵੀਡੀਓ ਕਨਵਰ ਗਰੇਵਾਲ ਵਲੋਂ ਹੀ ਬਣਾਈ ਗਈ ਹੈ।
ਯੂਟਿਊਬ ’ਤੇ ਇਹ ਗੀਤ ਕਨਵਰ ਗਰੇਵਾਲ ਦੇ ਹੀ ਚੈਨਲ ’ਤੇ ਰਿਲੀਜ਼ ਹੋਇਆ ਹੈ। ਗੀਤ ਨੂੰ ਖ਼ਬਰ ਲਿਖੇ ਜਾਣ ਤਕ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ। ਕਨਵਰ ਗਰੇਵਾਲ ਵਲੋਂ ਇਹ ਗੀਤ ਪੰਜਾਬ ਦੀ ਨੌਜਵਾਨੀ ਨੂੰ ਧਿਆਨ ’ਚ ਰੱਖ ਕੇ ਬਣਾਇਆ ਗਿਆ ਹੈ। ਗੀਤ ’ਚ ਪੰਜਾਬ ਦੀ ਨੌਜਵਾਨੀ ਨੂੰ ਆਪਣੇ ਬਜ਼ੁਰਗਾਂ ਦਾ ਖਿਆਲ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਵੀ ਕਨਵਰ ਦੇ ਬਹੁਤ ਸਾਰੇ ਗੀਤ ਰਿਲੀਜ਼ ਹੋਏ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ ਤੇ ਰੂਹ ਨੂੰ ਸਕੂਨ ਦਿੰਦੇ ਹਨ। ਕਨਵਰ ਗਰੇਵਾਲ ਪੰਜਾਬ ਦੇ ਪ੍ਰਸਿੱਧ ਗੀਤਕਾਰ ਹੋਣ ਦੇ ਨਾਲ-ਨਾਲ ਪੰਜਾਬ ਦੇ ਕਿਸਾਨ ਦੇ ਪੁੱਤ ਹੋਣ ਦਾ ਫਰਜ਼ ਵੀ ਅਦਾ ਕਰ ਰਹੇ ਹਨ।
ਨੋਟ– ਕਨਵਰ ਗਰੇਵਾਲ ਦਾ ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।