''ਜ਼ਿੰਦਗੀ ਨਰਕ ਬਣ ਗਈ ਸੀ...''! ਕੰਗਨਾ ਰਣੌਤ ਨੇ ''ਵਾਇਰਲ 2016'' ਟ੍ਰੈਂਡ ਰਾਹੀਂ ਪੁਰਾਣੇ ਜ਼ਖ਼ਮ ਕੀਤੇ ਹਰੇ
Saturday, Jan 17, 2026 - 05:54 PM (IST)
ਮੁੰਬਈ- ਬਾਲੀਵੁੱਡ ਦੀ 'ਪੰਗਾ ਗਰਲ' ਅਤੇ ਭਾਜਪਾ ਸਾਂਸਦ ਕੰਗਨਾ ਰਣੌਤ (Kangana Ranaut) ਇੱਕ ਵਾਰ ਫਿਰ ਆਪਣੀਆਂ ਪੁਰਾਣੀਆਂ ਯਾਦਾਂ ਅਤੇ ਵਿਵਾਦਾਂ ਕਾਰਨ ਸੁਰਖੀਆਂ ਵਿੱਚ ਹੈ। ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ '2016 ਟ੍ਰੈਂਡ' ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਿਤਾਰੇ ਆਪਣੀਆਂ 10 ਸਾਲ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਕੰਗਨਾ ਨੇ ਵੀ ਇਸ ਟ੍ਰੈਂਡ ਨੂੰ ਫਾਲੋ ਕੀਤਾ ਹੈ, ਪਰ ਤਸਵੀਰਾਂ ਦੇ ਨਾਲ ਉਨ੍ਹਾਂ ਨੇ ਕੁਝ ਬੇਹੱਦ ਕੌੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਹਨ।
"ਜੇ ਪਤਾ ਹੁੰਦਾ 2026 ਇੰਨਾ ਸੁਕੂਨ ਭਰਿਆ ਹੋਵੇਗਾ..."
ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਲ 2016 ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਸ਼ੁਕਰ ਹੈ ਕਿ ਇਹ ਸਾਲ 2026 ਹੈ। ਅਦਾਕਾਰਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ 10 ਸਾਲ ਪਹਿਲਾਂ ਇਹ ਪਤਾ ਹੁੰਦਾ ਕਿ 2026 ਵਿੱਚ ਜ਼ਿੰਦਗੀ ਇੰਨੀ ਸ਼ਾਂਤ ਅਤੇ ਸੁਕੂਨ ਵਾਲੀ ਹੋਵੇਗੀ, ਤਾਂ ਉਹ ਉਸ ਸਮੇਂ ਇੰਨੀ ਦੁਖੀ ਨਾ ਹੁੰਦੀ।
ਸਫਲਤਾ ਬਣ ਗਈ ਸੀ 'ਜ਼ਹਿਰ'
ਅਦਾਕਾਰਾ ਨੇ ਯਾਦ ਕੀਤਾ ਕਿ ਸਾਲ 2016 ਉਨ੍ਹਾਂ ਦੇ ਕਰੀਅਰ ਦਾ ਇੱਕ ਅਹਿਮ ਪੜਾਅ ਸੀ। 'ਕੁਈਨ' ਅਤੇ 'ਤਨੂ ਵੈਡਸ ਮਨੂ ਰਿਟਰਨਜ਼' ਵਰਗੀਆਂ ਲਗਾਤਾਰ ਬਲਾਕਬਸਟਰ ਫਿਲਮਾਂ ਦੇਣ ਤੋਂ ਬਾਅਦ ਉਹ ਇੰਡਸਟਰੀ ਦੀ ਸਭ ਤੋਂ ਵੱਧ ਫੀਸ ਲੈਣ ਵਾਲੀ ਅਦਾਕਾਰਾ ਬਣ ਗਈ ਸੀ। ਪਰ ਫਿਰ ਜਨਵਰੀ 2016 ਵਿੱਚ ਇੱਕ ਸਾਥੀ ਕਲਾਕਾਰ ਵੱਲੋਂ ਭੇਜੇ ਗਏ ਵਿਵਾਦਿਤ ਲੀਗਲ ਨੋਟਿਸ ਨੇ ਸਭ ਕੁਝ ਬਦਲ ਦਿੱਤਾ। ਕੰਗਨਾ ਮੁਤਾਬਕ, ਉਸ ਸਮੇਂ ਉਨ੍ਹਾਂ ਦੀ ਸਫਲਤਾ ਜ਼ਹਿਰ ਬਣ ਗਈ ਸੀ ਅਤੇ ਜ਼ਿੰਦਗੀ ਨਰਕ ਵਰਗੀ ਹੋ ਗਈ ਸੀ।
ਰਿਤਿਕ ਰੋਸ਼ਨ ਨਾਲ ਕਾਨੂੰਨੀ ਜੰਗ ਦਾ ਜ਼ਿਕਰ
ਜ਼ਿਕਰਯੋਗ ਹੈ ਕਿ ਕੰਗਨਾ ਨੇ ਜਿਸ ਲੀਗਲ ਨੋਟਿਸ ਦੀ ਗੱਲ ਕੀਤੀ ਹੈ, ਉਹ ਰਿਤਿਕ ਰੋਸ਼ਨ ਵੱਲੋਂ ਭੇਜਿਆ ਗਿਆ ਸੀ। ਉਨ੍ਹਾਂ ਲਿਖਿਆ ਕਿ ਉਸ ਨੋਟਿਸ ਨੇ ਪੂਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਲੋਕਾਂ ਨੂੰ 'ਇਨਸਾਈਡਰ' ਅਤੇ 'ਆਊਟਸਾਈਡਰ' ਵਿੱਚ ਵੰਡ ਦਿੱਤਾ ਸੀ। ਕਈ ਕਾਨੂੰਨੀ ਲੜਾਈਆਂ ਹੋਈਆਂ ਅਤੇ ਲੋਕਾਂ ਨੇ ਵੱਖ-ਵੱਖ ਪੱਖ ਲਏ ਸਨ।
ਹੁਣ 2026 ਵਿੱਚ ਮਿਲ ਰਹੀ ਹੈ ਸ਼ਾਂਤੀ
ਕੰਗਨਾ ਨੇ ਰਾਹਤ ਮਹਿਸੂਸ ਕਰਦਿਆਂ ਲਿਖਿਆ ਕਿ ਅੱਜ 2026 ਵਿੱਚ ਉਹ ਆਪਣੀ ਮਰਜ਼ੀ ਨਾਲ ਖਾਣਾ ਖਾਂਦੀ ਹੈ, ਬਹੁਤ ਹੱਸਦੀ ਹੈ ਅਤੇ 2016 ਦਾ ਉਹ ਸਾਰਾ ਡਰਾਮਾ ਹੁਣ ਕੋਈ ਮਾਇਨੇ ਨਹੀਂ ਰੱਖਦਾ। ਉਨ੍ਹਾਂ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਹ ਹੁਣ ਉਸ ਦੌਰ ਵਿੱਚੋਂ ਬਾਹਰ ਆ ਚੁੱਕੀ ਹੈ।
