TVK ਆਗੂ ਆਧਵ ਅਰਜੁਨ ਨੇ ਰਜਨੀਕਾਂਤ ਤੋਂ ਮੰਗੀ ਮੁਆਫ਼ੀ; ਕਿਹਾ- ''ਮੇਰਾ ਮਕਸਦ ਅਪਮਾਨ ਕਰਨਾ ਨਹੀਂ ਸੀ''
Wednesday, Mar 18, 2026 - 05:17 PM (IST)
ਚੇਨਈ: ਤਮਿਲਗਾ ਵੇਤਰੀ ਕੜਗਮ (TVK) ਦੇ ਜਨਰਲ ਸਕੱਤਰ ਆਧਵ ਅਰਜੁਨ ਨੇ ਸੁਪਰਸਟਾਰ ਰਜਨੀਕਾਂਤ ਦੇ ਸਿਆਸਤ ਵਿੱਚ ਪ੍ਰਵੇਸ਼ ਨੂੰ ਲੈ ਕੇ ਦਿੱਤੇ ਆਪਣੇ ਵਿਵਾਦਿਤ ਬਿਆਨ 'ਤੇ ਯੂ-ਟਰਨ ਲੈਂਦਿਆਂ ਜਨਤਕ ਤੌਰ 'ਤੇ ਮੁਆਫ਼ੀ ਮੰਗ ਲਈ ਹੈ। ਅਰਜੁਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਰਾਦਾ ਰਜਨੀਕਾਂਤ ਨੂੰ ਨੀਵਾਂ ਦਿਖਾਉਣ ਦਾ ਨਹੀਂ ਸੀ ਅਤੇ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ।
ਕੀ ਸੀ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ 12 ਮਾਰਚ ਨੂੰ ਸੂਬਾ ਸਰਕਾਰ ਵਿਰੁੱਧ ਇੱਕ ਪ੍ਰਦਰਸ਼ਨ ਦੌਰਾਨ ਆਧਵ ਅਰਜੁਨ ਨੇ ਦਾਅਵਾ ਕੀਤਾ ਸੀ ਕਿ ਜਦੋਂ ਰਜਨੀਕਾਂਤ ਨੇ ਰਾਜਨੀਤੀ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਡੀ.ਐਮ.ਕੇ. (DMK) ਨੇ ਉਨ੍ਹਾਂ ਨੂੰ ਧਮਕਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨੇਤਾ ਵਿਜੇ ਦੀ ਤੁਲਨਾ ਕਰਦਿਆਂ ਕਿਹਾ ਸੀ ਕਿ ਵਿਜੇ ਵਿੱਚ ਅਜਿਹੇ ਦਬਾਅ ਦਾ ਸਾਹਮਣਾ ਕਰਨ ਦਾ ਹੌਂਸਲਾ ਹੈ।
ਰਜਨੀਕਾਂਤ ਨੇ ਦਿੱਤਾ ਸੀ ਕਰਾਰਾ ਜਵਾਬ
ਰਜਨੀਕਾਂਤ ਨੇ 17 ਮਾਰਚ ਨੂੰ ਸੋਸ਼ਲ ਮੀਡੀਆ 'ਐਕਸ' (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਰਾਹੀਂ ਅਰਜੁਨ ਦੇ ਦੋਸ਼ਾਂ ਨੂੰ 'ਝੂਠਾ' ਕਰਾਰ ਦਿੱਤਾ ਸੀ। ਉਨ੍ਹਾਂ ਬੜੇ ਹੀ ਦਾਰਸ਼ਨਿਕ ਅੰਦਾਜ਼ ਵਿੱਚ ਲਿਖਿਆ, ''ਸਮਾਂ ਬੋਲਦਾ ਨਹੀਂ, ਸਗੋਂ ਇੰਤਜ਼ਾਰ ਕਰਦਾ ਹੈ ਅਤੇ ਜਵਾਬ ਦਿੰਦਾ ਹੈ।'' ਇਸ ਤੋਂ ਬਾਅਦ ਤਾਮਿਲਨਾਡੂ ਦੀ ਸਿਆਸਤ ਵਿੱਚ ਭੂਚਾਲ ਆ ਗਿਆ ਅਤੇ ਭਾਜਪਾ, ਅੰਨਾਡੀਐਮਕੇ ਸਮੇਤ ਕਈ ਮੰਤਰੀਆਂ ਨੇ ਰਜਨੀਕਾਂਤ ਦੇ ਪੱਖ ਵਿੱਚ ਸਟੈਂਡ ਲਿਆ।
ਅਰਜੁਨ ਦੀ ਸਫਾਈ: 'ਰਜਨੀਕਾਂਤ ਮੇਰੇ ਨੇਤਾ ਦੇ ਵੀ ਨੇਤਾ'
ਕੋਲਾਥੁਰ ਵਿੱਚ ਪਾਰਟੀ ਦੀ ਮੀਟਿੰਗ ਦੌਰਾਨ ਮੁਆਫ਼ੀ ਮੰਗਦਿਆਂ ਅਰਜੁਨ ਨੇ ਕਿਹਾ, "ਮੇਰਾ ਮਕਸਦ ਰਜਨੀਕਾਂਤ ਨੂੰ ਨੀਵਾਂ ਦਿਖਾਉਣਾ ਨਹੀਂ ਸੀ, ਉਹ ਮੇਰੇ ਨੇਤਾ (ਵਿਜੇ) ਦੇ ਵੀ ਨੇਤਾ ਹਨ। ਮੈਂ ਤਾਂ ਸਿਰਫ਼ ਡੀ.ਐਮ.ਕੇ. ਦੀ ਸਾਜ਼ਿਸ਼ ਬਾਰੇ ਗੱਲ ਕਰ ਰਿਹਾ ਸੀ। ਜੇਕਰ ਮੇਰੀਆਂ ਗੱਲਾਂ ਨਾਲ ਉਨ੍ਹਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਂ ਖੁੱਲ੍ਹੇ ਤੌਰ 'ਤੇ ਖੇਦ ਪ੍ਰਗਟ ਕਰਦਾ ਹਾਂ।"
Related News
ਤਾਪਸੀ ਪੰਨੂ ਨੇ ਵਿਦਿਆ ਬਾਲਨ ਨੂੰ ਦੱਸਿਆ ਆਪਣਾ ''ਹੀਰੋ'', ਕਿਹਾ- "ਜੇ ਉਹ ਨਾ ਹੁੰਦੀ ਤਾਂ ਸ਼ਾਇਦ ਮੈਂ ਇੱਥੇ ਨਾ ਹੁੰਦੀ"
