ਜਸਵਿੰਦਰ ਭੱਲਾ ਵਲੋਂ ਕਹੀ ਗੱਲ ਹੋ ਗਈ ਸੱਚੀ ‘ਨਜ਼ਰ ਲੱਗ ਗਈ ਸਰਦੂਲ ਤੇ ਨੂਰੀ ਜੀ ਦੇ ਪਿਆਰ ਨੂੰ’ (ਵੀਡੀਓ)
Saturday, Mar 06, 2021 - 02:58 PM (IST)
ਚੰਡੀਗੜ੍ਹ: ਕੁਝ ਦਿਨ ਪਹਿਲਾਂ ਪੰਜਾਬੀ ਸੰਗੀਤ ਜਗਤ ਨੂੰ ਉਸ ਸਮੇਂ ਇਕ ਵੱਡਾ ਝਟਕਾ ਲੱਗਾ, ਜਦੋਂ ਮਹਾਨ ਪੰਜਾਬੀ ਗਾਇਕ ਸਰਦੂਲ ਸਿਕੰਦਰ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਮੀਡੀਆ ਰਿਪੋਰਟਾਂ ਅਨੁਸਾਰ ਉਹ ਪਿਛਲੇ ਕਰੀਬ ਡੇਢ ਮਹੀਨੇ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਸਨ, ਜਿਥੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ। 24 ਫਰਵਰੀ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਇਸ ਸਬੰਧੀ ਸਮੁੱਚੀ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਨੇ ਵੀ ਆਪਣੇ ਇੰਸਟਾਗ੍ਰਾਮ ਪੇਜ਼ ’ਤੇ ਇਕ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ‘ਸੱਚੀ ਨਜ਼ਰ ਲੱਗ ਗਈ ਸਰਦੂਲ ਬਾਈ ਤੇ ਨੂਰੀ ਜੀ ਦੇ ਪਿਆਰ ਨੂੰ’ਇਸ ਸਬੰਧੀ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਦੇ ਪੁੱਤਰ ਅਲਾਪ ਸਿੰਕਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਭੱਲਾ ਅੰਕਲ ਦੇ ਸ਼ੋਅ ਦੌਰਾਨ ਸਕਰਿਪੱਟ ਦਾ ਹਿੱਸਾ ਸੀ ਤਾਂ ਕਿ ਲੋਕਾਂ ਨੂੰ ਹਸਾਇਆ ਜਾਵੇ ਪਰ ਸੋਚਿਆ ਨਹੀਂ ਕਿ ਇਸ ਤਰ੍ਹਾਂ ਹੋ ਜਾਣਾ। ਵਾਕੇ ਹੀ ਮੰਮੀ ਪਾਪਾ ਦੇ ਪਿਆਰ ਨੂੰ ਨਜ਼ਰ ਲੱਗ ਗਈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮੇਰੇ ਪਾਪਾ ਹਸਪਤਾਲ ’ਚ ਸਨ ਤਾਂ ਜਸਵਿੰਦਰ ਭੱਲਾ ਅੰਕਲ ਮੇਰੇ ਪਾਪਾ ਦੀ ਪਲ-ਪਲ ਦੀ ਹਾਲਤ ਬਾਰੇ ਪੁੱਛਦੇ ਸਨ। ਉਨ੍ਹਾਂ ਨੇ ਮੇਰੇ ਪਾਪਾ ਸਰਦੂਲ ਸਿਕੰਦਰ ਨੂੰ ਆਪਣੇ ਭਰਾ ਦੀ ਤਰ੍ਹਾਂ ਪਿਆਰ ਕੀਤਾ। ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਦੋਂ ਵੀ ਡਾਕਟਰ ਮਿਲਣ ਲਈ ਸਮਾਂ ਦਿੰਦੇ ਤਾਂ ਜਿਹੜਾ ਵੀ ਸਮਾਂ ਬਚਿਆ ਸੀ ਉਸ ਵਿੱਚ ਉਨ੍ਹਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਸਨ।
ਇਥੇ ਜ਼ਿਕਰਯੋਗ ਹੈ ਕਿ ਸਰਦੂਲ ਸਿਕੰਦਰ ਦਾ ਵਿਆਹ ਪੰਜਾਬੀ ਦੀ ਪ੍ਰਸਿੱਧ ਗਾਇਕਾ ਅਮਰ ਨੂਰੀ ਨਾਲ ਹੋਇਆ ਸੀ। ਉਨ੍ਹਾਂ ਦੇ 2 ਬੇਟੇ ਹਨ। ਸਰਦੂਲ ਸਿਕੰਦਰ ਦਾ ਜਨਮ 15 ਅਗਸਤ 1961 ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਖੇੜੀ ਨੌਧ ਸਿੰਘ ਵਿਖੇ ਇਕ ਸਾਧਾਰਣ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰਕ ਪਿਛੋਕੜ ਸੰਗੀਤ ਦੇ ਪਟਿਆਲਾ ਘਰਾਨੇ ਨਾਲ ਸਬੰਧਤ ਸੀ। ਉਨ੍ਹਾਂ ਦੇ ਪਿਤਾ ਮਸਤਾਨਾ ਜੀ ਗੁਰਦੁਆਰਿਆਂ ਅਤੇ ਮੰਦਰਾਂ ’ਚ ਗਾਉਂਦੇ ਹੁੰਦੇ ਸੀ। ਉਨ੍ਹਾਂ ਨੇ ਗਾਇਕੀ ਆਪਣੇ ਪਿਤਾ ਮਸਤਾਨਾ ਜੀ ਤੋਂ ਸਿੱਖੀ ਸੀ ਅਤੇ ਚਰਨਜੀਤ ਅਹੁਜਾ ਨੂੰ ਉਹ ਆਪਣਾ ਗੁਰੂ ਮੰਨਦੇ ਸੀ। ਸਰਦੂਲ ਸਿਕੰਦਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1980 ਵਿਚ ਟੀ. ਵੀ. ਤੇ ਰੇਡੀਓ ਰਾਹੀਂ ਕੀਤੀ ਸੀ। ਉਨ੍ਹਾਂ ਦੀ ਪਹਿਲੀ ਐਲਬਮ ‘ਰੋਡਵੇਜ਼ ਦੀ ਲਾਰੀ’ ਨੇ ਦਰਸ਼ਕਾਂ ਵਿਚ ਖੂਬ ਵਾਹ-ਵਾਹੀ ਖੱਟੀ ਸੀ।ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿਚ ਵੀ ਕੰਮ ਕੀਤਾ ਸੀ, ਜਿਨ੍ਹਾਂ ਵਿਚੋਂ ‘ਜੱਗਾ ਡਾਕੂ’ਵਰਗੀ ਮਸ਼ਹੂਰ ਫਿਲਮ ਵੀ ਸ਼ਾਮਲ ਹੈ।