ਹਿੰਦੂ ਸੰਗਠਨਾਂ ਨੇ ‘ਆਦਿਪੁਰਸ਼’ ਫ਼ਿਲਮ ਦਾ ਕੀਤਾ ਵਿਰੋਧ
Saturday, Jun 24, 2023 - 12:59 PM (IST)
ਪਟਿਆਲਾ (ਬਲਜਿੰਦਰ)– ਪਟਿਆਲਾ ’ਚ ਵੀ ‘ਆਦਿਪੁਰਸ਼’ ਫ਼ਿਲਮ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਕਈ ਹਿੰਦੂ ਸੰਗਠਨਾਂ ਨੇ ਫ਼ਿਲਮ ਦਾ ਵਿਰੋਧ ਕੀਤਾ। ਇਹ ਫ਼ਿਲਮ ਰਾਜਪੁਰਾ ਰੋਡ ਸਥਿਤ ਪੀ. ਵੀ. ਆਰ. ਸਿਨੇਮਾ ’ਚ ਚੱਲ ਰਹੀ ਸੀ, ਜਿਸ ਨੂੰ ਬੰਦ ਕਰਵਾਉਣ ਲਈ ਵੱਡੀ ਗਿਣਤੀ ’ਚ ਹਿੰਦੂ ਸੰਗਠਨ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੂੰ ਪੁਲਸ ਨੇ ਅੰਦਰ ਨਹੀਂ ਜਾਣ ਦਿੱਤਾ, ਉਥੇ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ, ਡੀ. ਐੱਸ. ਸੰਜੀਵ ਸਿੰਗਲਾ, ਐੱਸ. ਐੱਚ. ਓ. ਕੋਤਵਾਲੀ ਸੁਖਵਿੰਦਰ ਸਿੰਘ, ਐੱਸ. ਐੱਚ. ਓ. ਤ੍ਰਿਪਡ਼ੀ ਪ੍ਰਦੀਪ ਸਿੰਘ ਬਾਜਵਾ, ਐੱਸ. ਐੱਚ. ਓ. ਅਨਾਜ ਮੰਡੀ ਅਮਨਦੀਪ ਸਿੰਘ ਬਰਾਡ਼ ਸਮੇਤ ਵੱਡੀ ਗਿਣਤੀ ’ਚ ਪੁਲਸ ਮੌਜੂਦ ਸੀ, ਜਿਨ੍ਹਾਂ ਨੇ ਜਦੋਂ ਹਿੰਦੂ ਸੰਗਠਨਾਂ ਨੂੰ ਰੋਕਿਆ ਤਾਂ ਹਿੰਦੂ ਸੰਗਠਨ ਸਿਨੇਮਾ ਦੇ ਬਾਹਰ ਹੀ ਧਰਨੇ ’ਤੇ ਬੈਠ ਗਏ।
ਇਸ ਤੋਂ ਬਾਅਦ ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ ਨੇ ਹਿੰਦੂ ਸੰਗਠਨਾਂ ਨਾਲ ਗੱਲ ਕੀਤੀ ਤੇ ਕਾਫੀ ਜ਼ਿਆਦਾ ਬਹਿਸ ਤੇ ਧੱਕਾ-ਮੁੱਕੀ ਤੋਂ ਬਾਅਦ ਗੱਲਬਾਤ ਸ਼ੁਰੂ ਹੋਈ ਤਾਂ ਸੰਗਠਨਾਂ ਨੇ ਕੱਲ ਤੱਕ ਦੀ ਚਿਤਾਵਨੀ ਦਿੰਦਿਆਂ ਧਰਨਾ ਚੁੱਕਿਆ ਤੇ ਇਹ ਐਲਾਨ ਕੀਤਾ ਕਿ ਜੇਕਰ ਕੱਲ ਤੱਕ ਫ਼ਿਲਮ ਨਾ ਰੋਕੀ ਗਈ ਤਾਂ ਉਹ ਫਿਰ ਤੋਂ ਰੋਸ ਪ੍ਰਦਰਸ਼ਨ ਕਰਨਗੇ। ਇਸ ਤੋਂ ਬਾਅਦ ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਗੱਲ ਨੂੰ ਸੁਣ ਲਿਆ ਗਿਆ ਹੈ ਤੇ ਇਹ ਗੱਲ ਸਿਨੇਮਾ ਮਾਲਕਾਂ ਤੱਕ ਪਹੁੰਚਾ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਅਮਰੀਕੀ ਵਿਦੇਸ਼ ਮੰਤਰੀ ਵੀ ਨੇ ਦਿਲਜੀਤ ਦੋਸਾਂਝ ਦੇ ਫੈਨ, PM ਮੋਦੀ ਸਾਹਮਣੇ ਆਖੀ ਇਹ ਗੱਲ
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕੋਈ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ ਤੇ ਨਾ ਹੀ ਕੋਈ ਅਜਿਹਾ ਕੰਮ ਹੋਣ ਦਿੱਤਾ ਜਾਵੇਗਾ, ਜਿਸ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੇ। ਡੀ. ਐੱਸ. ਪੀ. ਟਿਵਾਣਾ ਨੇ ਕਿਹਾ ਕਿ ਸਭਨਾਂ ਨੂੰ ਮਿਲ ਕੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣਾ ਚਾਹੀਦਾ ਹੈ, ਜੇਕਰ ਕੋਈ ਰੋਸ ਹੈ ਤਾਂ ਉਸ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਗੱਲਬਾਤ ਕਰਨ ਨਾਲ ਵੱਡੇ ਤੋਂ ਵੱਡੇ ਮਸਲੇ ਵੀ ਹੱਲ ਹੋ ਜਾਂਦੇ ਹਨ। ਪ੍ਰਦਰਸ਼ਨ ਕਰਨ ਵਾਲਿਆਂ ’ਚ ਵਿਸ਼ੇਸ਼ ਤੌਰ ’ਤੇ ਰਾਮਲੀਲਾ ਕਮੇਟੀ ਜੌਡ਼ੀਆਂ ਭੱਠੀਆਂ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਧਰਮ ਜਾਗਰਣ ਪਟਿਆਲਾ, ਧਰਮ ਰਕਸ਼ਤ ਤੇ ਹੋਰ ਸੰਗਠਨਾਂ ਦੇ ਆਗੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।