ਰੀਆ ਚੱਕਰਵਰਤੀ ਤੋਂ ਬਾਅਦ ਹੁਣ ਡਰੱਗਜ਼ ਮਾਮਲੇ ''ਚ ਫਸੀ ਇਹ ਪ੍ਰਸਿੱਧ ਅਦਾਕਾਰਾ, ਪੁਲਸ ਨੇ ਕੀਤਾ ਗ੍ਰਿਫ਼ਤਾਰ

09/08/2020 4:41:41 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਗੁੱਥੀ ਹੁਣ ਡਰੱਗਜ਼ ਐਂਗਲ 'ਚ ਫਸਦੀ ਨਜ਼ਰ ਆ ਰਹੀ ਹੈ। ਬਾਲੀਵੁੱਡ ਦੇ ਨਾਲ-ਨਾਲ ਕੰਨੜ ਫ਼ਿਲਮ ਉਦਯੋਗ 'ਚ ਵੀ ਇਸ ਦੀਆਂ ਤਾਰਾਂ ਜੁੜੀਆਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਇਸ ਸਿਲਸਿਲੇ 'ਚ ਮਸ਼ਹੂਰ ਅਦਾਕਾਰਾ ਰਾਗਿਨੀ ਦਿਵੇਦੀ ਦਾ ਨਾਂ ਸਾਹਮਣੇ ਆਇਆ ਹੈ। ਮਾਮਲੇ 'ਚ ਕੇਂਦਰੀ ਅਪਰਾਧ ਸਾਖਾ ਨੇ ਰਾਗਿਨੀ ਦੇ ਘਰ 'ਚ ਛਾਪੇਮਾਰੀ ਕਰਨ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ। ਦੱਸ ਦਈਏ ਕਿ 3 ਸਤੰਬਰ ਨੂੰ ਸੀ. ਬੀ. ਆਈ. ਨੇ ਰਾਗਿਨੀ ਨੂੰ ਇਸ ਸਿਲਸਿਲੇ 'ਚ ਸੰਮਨ (ਤਲਬ ਕੀਤਾ) ਭੇਜਿਆ ਸੀ।

ਹੁਣ ਤਾਜ਼ਾ ਜਾਣਕਾਰੀ ਅਨੁਸਾਰ ਇਸ ਮਾਮਲੇ ‘ਤੇ ਪੁਲਸ ਨੇ ਕੰਨੜ ਅਦਾਕਾਰਾ ਸੰਜਨਾ ਗਾਲਰਾਨੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਪੁਲਸ ਨੇ ਹੁਣ ਤੱਕ ਅਦਾਕਾਰਾ ਰਾਗਿਨੀ ਦਿਵੇਦੀ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਜਨਾ ਗਾਲਰਾਨੀ ਦੀ ਨਸ਼ਾ ਨਾਲ ਜੁੜੇ ਮਾਮਲੇ ਵਿਚ ਸ਼ਮੂਲੀਅਤ ਸਾਹਮਣੇ ਆਈ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਸੀ. ਸੀ. ਬੀ. ਅਧਿਕਾਰੀ ਬੰਗਲੌਰ ਦੇ ਇੰਦਰਾਨਗਰ ਵਿਖੇ ਸੰਜਨਾ ਗਾਲਰਾਨੀ ਦੇ ਘਰ ਪਹੁੰਚੇ, ਜਿਥੇ ਉਨ੍ਹਾਂ ਨੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇਕ ਮਹਿਲਾ ਪੁਲਸ ਇੰਸਪੈਕਟਰ ਸਮੇਤ ਅੱਠ ਪੁਲਸ ਅਧਿਕਾਰੀ ਅਦਾਕਾਰਾ ਦੇ ਘਰ ਪਹੁੰਚੇ। ਟਾਈਮਜ਼ ਆਫ ਇੰਡੀਆ ਦੀ ਇਕ ਖ਼ਬਰ ਦੇ ਅਨੁਸਾਰ, ਗਾਲਰਾਨੀ ਨੂੰ ਅੱਜ ਸਵੇਰੇ (ਮੰਗਲਵਾਰ) ਸਵੇਰੇ ਉਸਦੀ ਇੰਦਰਾ ਨਗਰ ਦੀ ਰਿਹਾਇਸ਼ 'ਤੇ ਸੀ. ਸੀ. ਬੀ. ਦੀ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਪੁੱਛਗਿੱਛ ਲਈ ਸੀ. ਸੀ. ਬੀ. ਦਫ਼ਤਰ ਲਿਜਾਇਆ ਗਿਆ ਹੈ।

ਇਸ ਮਾਮਲੇ ਵਿਚ ਹੁਣ ਤੱਕ ਅਦਾਕਾਰਾ ਰਾਗਿਨੀ ਦਿਵੇਦੀ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅਦਾਕਾਰਾ ਰਾਗਿਨੀ ਨੂੰ ਐਨ. ਡੀ. ਪੀ. ਐਸ. ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਰਾਗਿਨੀ ਦਿਵੇਦੀ ਨੂੰ 3 ਦਿਨਾਂ ਲਈ ਪੁਲਸ ਹਿਰਾਸਤ ਵਿਚ ਭੇਜਿਆ ਗਿਆ। ਉਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਪੁਲਸ ਨੇ ਹੁਣ ਤੱਕ ਆਰਟੀਓ ਕਲਰਕ ਰਵੀ ਸ਼ੰਕਰ, ਇੰਟੀਰਿਅਰ ਡਿਜ਼ਾਈਨਰ ਰਾਹੁਲ ਅਤੇ ਪਾਰਟੀ ਹੋਸਟ ਵੀਰੇਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਡਰੱਗਜ਼ ਐਂਗਲ 'ਚ ਜੁੜੇ ਕਈ ਹਸਤੀਆਂ ਦੇ ਨਾਂ
ਦੱਸ ਦਈਏ ਕਿ 21 ਅਗਸਤ ਨੂੰ ਇਸ ਮਾਮਲੇ ਦੀ ਜਾਂਚ ਟੀਮ ਨੇ ਕੁਝ ਹਾਈਪ੍ਰੋਫਾਈਲ ਡਰੱਗਜ਼ ਪੇਡਲਰਸ (ਨਸ਼ਾ ਤਸਕਰਾਂ) ਨੂੰ ਫੜ੍ਹਿਆ ਸੀ, ਜੋ ਕੰਨੜ ਫ਼ਿਲਮ ਉਦਯੋਗ 'ਚ ਡਰੱਗਜ਼ ਦੀ ਸਪਲਾਈ ਕਰਦੇ ਹਨ, ਜਿਸ ਤੋਂ ਬਾਅਦ ਨਾਰਕੋਟਿਕਸ ਦੀ ਜਾਂਚ ਚੱਲ ਰਹੀ ਹੈ। ਇਸ ਦੌਰਾਨ ਕਈ ਹਸਤੀਆਂ ਦੇ ਨਾਂ ਸਾਹਮਣੇ ਆਏ ਹਨ। ਮੀਡੀਆ ਖ਼ਬਰਾਂ ਮੁਤਾਬਕ, ਰਾਗਿਨੀ ਦੇ ਦੋਸਤ ਰਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ 'ਚ ਰਾਗਿਨੀ ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਲਈ ਸੀ. ਬੀ. ਆਈ. ਨੇ ਉਸ ਨੂੰ ਨੋਟਿਸ ਭੇਜਿਆ ਸੀ।
 


sunita

Content Editor

Related News