ਸਿੱਖ ਇਤਿਹਾਸ ਨੂੰ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਨੇ ਕੀਤਾ ਬਿਆਨ, ਕਿਸਾਨਾਂ ਦਾ ਹੌਂਸਲਾ ਕੀਤਾ ਬੁਲੰਦ (ਵੀਡੀਓ)

Monday, Dec 28, 2020 - 11:56 AM (IST)

ਨਵੀਂ ਦਿੱਲੀ (ਬਿਊਰੋ) : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਉਥੇ ਹੀ ਪੰਜਾਬੀ ਕਲਾਕਾਰ ਆਪਣੇ ਗੀਤਾਂ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾ ਰਹੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ 'ਬਾਗੀਆਂ ਦੇ ਕਿੱਸੇ' ਟਾਈਟਲ ਹੇਠ ਜੋਸ਼ੀਲਾ ਗੀਤ ਲੈ ਕੇ ਆਏ ਹਨ। ਇਸ ਗੀਤ 'ਚ ਦੋਵੇਂ ਗਾਇਕਾਂ ਨੇ ਪੰਜਾਬੀਆਂ ਦੀਆਂ ਅਣਖਾਂ ਅਤੇ ਕੁਰਬਾਨੀਆਂ ਨੂੰ ਆਪਣੀ ਦਮਦਾਰ ਆਵਾਜ਼ ਨਾਲ ਬਿਆਨ ਕੀਤਾ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖ਼ੁਦ ਤਰਸੇਮ ਜੱਸੜ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ 'Beat Inspector' ਨੇ ਦਿੱਤਾ ਹੈ। ਗੀਤ ਦੀ ਲਿਰਿਕਲ ਵੀਡੀਓ ਨੂੰ Vehli Janta Records ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਰਕੇ ਇਹ ਗੀਤ ਟਰੈਂਡਿੰਗ ਚ ਚੱਲ ਰਿਹਾ ਹੈ।

ਦੱਸ ਦਈਏ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਦਿੱਲੀ ਦੀ ਸਰਹੱਦਾਂ 'ਤੇ ਬੈਠੇ ਪ੍ਰਦਰਸ਼ਨ ਕਰਦਿਆਂ। ਕਿਸਾਨ ਕੇਂਦਰ ਸਰਕਾਰ ਨੂੰ ਮਾਰੂ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।

ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਕਿਸਾਨਾਂ ਨੇ ਕੱਢਿਆ ਨਵਾਂ ਤਰੀਕਾ 
ਪੰਜਾਬ ਦੇ ਕਿਸਾਨ ਧਰਨੇ ਦੇ ਪਹਿਲੇ ਦਿਨ ਤੋਂ ਹੀ ਇੱਥੇ ਹਨ। ਇਸੇ ਲਈ ਹੁਣ ਉਨ੍ਹਾਂ ਇਸ ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਨਵਾਂ ਤਰੀਕਾ ਕੱਢਿਆ ਹੈ। ਅੰਦੋਲਨ ਲੰਮਾ ਖਿੱਚਦਾ ਵੇਖ ਕੇ ਹੁਣ ਕਿਸਾਨ ਵਾਰੀ-ਸਿਰ ਇੱਥੇ ਰਿਹਾ ਕਰਨਗੇ ਭਾਵ ਉਨ੍ਹਾਂ ਨੇ ਰੋਟੇਸ਼ਨ ਦੇ ਹਿਸਾਬ ਨਾਲ ਡਿਊਟੀਆਂ ਬੰਨ੍ਹ ਲਈਆਂ ਹਨ। ਜਿਹੜੇ ਕਿਸਾਨ ਪਹਿਲੇ ਦਿਨ ਤੋਂ ਗਏ ਹੋਏ ਹਨ, ਉਹ ਹੁਣ ਟ੍ਰਾਲੀਆਂ 'ਚ ਪਰਤ ਰਹੇ ਹਨ ਤੇ ਉਨ੍ਹਾਂ ਹੀ ਟ੍ਰਾਲੀਆਂ 'ਚ ਦੂਜੇ ਨਵੇਂ ਕਿਸਾਨ ਧਰਨੇ ਵਾਲੀ ਥਾਂ 'ਤੇ ਪੁੱਜ ਰਹੇ ਹਨ।

ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ 
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
 


sunita

Content Editor

Related News