ਮਹਿਸਾ ਅਮੀਨੀ ਦੇ ਸਮਰਥਨ ''ਚ ਬਾਲੀਵੁੱਡ ਅਦਾਕਾਰਾ ਨੇ ਉਤਾਰੇ ਕੱਪੜੇ, ਕਿਹਾ- ਮਾਈ ਬਾਡੀ ਮਾਈ ਚੁਆਇਸ
Wednesday, Oct 12, 2022 - 12:45 PM (IST)

ਮੁੰਬਈ (ਬਿਊਰੋ) : ਅਦਾਕਾਰਾ ਏਲਨਾਜ਼ ਨੋਰੋਜ਼ੀ ਨੈੱਟਫਲਿਕਸ ਦੀ ਸੁਪਰਹਿੱਟ ਸੀਰੀਜ਼ 'ਸੈਕਰਡ ਗੇਮਜ਼' ਲਈ ਜਾਣਿਆ ਜਾਂਦਾ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਈਰਾਨੀ ਲੜਕੀ ਮਹਿਸਾ ਅਮੀਨੀ ਦਾ ਖੁੱਲ੍ਹਾ ਸਮਰਥਨ ਕੀਤਾ ਹੈ। ਏਲਨਾਜ਼ ਨੋਰੋਜ਼ੀ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਇਹ ਆਖ ਕੇ ਆਪਣੇ ਜਿਸਮ ਤੋਂ ਸਾਰੇ ਕੱਪੜੇ ਉਤਾਰ ਦਿੰਦੀ ਹੈ ਕਿ ਇਹ ਉਸ ਦਾ ਸਰੀਰ ਹੈ। ਆਪਣੇ ਸਰੀਰ ਨੂੰ ਢਕਣਾ ਜਾਂ ਨੰਗਾ ਕਰਨਾ ਜਾਂ ਫ਼ਿਰ ਕਿੰਨਾ ਨੰਗਾ ਕਰਨਾ ਹੈ, ਇਹ ਉਸ ਦੀ ਮਰਜ਼ੀ ਹੈ।
ਮੇਰਾ ਸਰੀਰ, ਮੇਰੀ ਪਸੰਦ
ਏਲਨਾਜ਼ ਨੋਰੋਜ਼ੀ ਵਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਇਕ ਵੀਡੀਓ 'ਚ ਉਹ ਕੱਪੜਿਆਂ ਦੀਆਂ ਕਈ ਪਰਤਾਂ ਉਤਾਰ ਕੇ ਪ੍ਰਦਰਸ਼ਨ 'ਚ ਸ਼ਾਮਲ ਹੁੰਦੀ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਇਸ ਵੀਡੀਓ ਰਾਹੀਂ ਮੈਸੇਜ ਦਿੱਤਾ ਹੈ ਕਿ ਉਸ ਦਾ ਜਦੋਂ ਦਿਲ ਕਰੇ ਉਹ ਜੋ ਮਰਜ਼ੀ ਪਹਿਨ ਸਕਦੀ ਹੈ ਤੇ ਉਸ ਨੂੰ ਕੋਈ ਰੋਕ ਨਹੀਂ ਸਕਦਾ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, ''ਹਰ ਔਰਤ ਨੂੰ, ਦੁਨੀਆ 'ਚ ਜਿੱਥੇ ਵੀ, ਜਿੱਥੇ ਵੀ ਉਹ ਹੈ, ਉਸ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਮਰਜ਼ੀ ਮੁਤਾਬਕ ਕੱਪੜੇ ਪਹਿਨੇ ਅਤੇ ਜਦੋਂ ਵੀ ਜਾਂ ਜਿੱਥੇ ਚਾਹੇ ਪਹਿਨੇ।
ਨਗਨਤਾ ਨਹੀਂ ਹੈ ਚੋਣ ਦਾ ਮਾਮਲਾ
ਅਦਾਕਾਰਾ ਨੇ ਕਿਹਾ, "ਹਰ ਕਿਸੇ ਦੇ ਵੱਖੋ-ਵੱਖਰੇ ਵਿਚਾਰ ਅਤੇ ਵਿਸ਼ਵਾਸ ਹਨ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਲੋਕਤੰਤਰ ਦਾ ਅਰਥ ਹੈ ਫੈਸਲਾ ਲੈਣ ਦੀ ਸ਼ਕਤੀ... ਹਰ ਔਰਤ ਨੂੰ ਆਪਣੇ ਸਰੀਰ ਬਾਰੇ ਫ਼ੈਸਲਾ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਮੈਂ ਨਗਨਤਾ ਨੂੰ ਉਤਸ਼ਾਹਿਤ ਕਰਦੀ ਹਾਂ, ਮੈਂ ਆਪਣੀ ਖ਼ੁਦ ਦੀ ਪਸੰਦ ਦੀ ਆਜ਼ਾਦੀ ਨੂੰ ਉਤਸ਼ਾਹਿਤ ਕਰਦੀ ਹਾਂ।" ਅਭਿਨੈ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ, ਨੋਰੋਜ਼ੀ ਨੇ ਡਾਇਰ, ਲੈਕੋਸਟੇ ਅਤੇ ਲੇ ਕੋਕ ਸਪੋਰਟਿਵ ਵਰਗੇ ਬ੍ਰਾਂਡਾਂ ਲਈ ਅੰਤਰਰਾਸ਼ਟਰੀ ਮਾਡਲ ਵਜੋਂ 10 ਸਾਲਾਂ ਤੋਂ ਵੱਧ ਕੰਮ ਕੀਤਾ।
ਈਰਾਨ 'ਚ ਹੋ ਰਿਹੈ ਭਾਰੀ ਵਿਰੋਧ
ਪਿਛਲੇ ਲੰਬੇ ਸਮੇਂ ਤੋਂ ਈਰਾਨ ਦੀ ਨੈਤਿਕਤਾ ਪੁਲਸ ਨੇ ਔਰਤਾਂ ਨੂੰ ਸਮਾਜ ਦੀ ਇੱਛਾ ਮੁਤਾਬਕ ਚੱਲਣ 'ਤੇ ਮਜ਼ਬੂਰ ਕੀਤਾ ਹੋਇਆ ਹੈ। ਇਸਲਾਮਿਕ ਰੀਪਬਲਿਕ ਦੇ ਸਖ਼ਤ ਪਹਿਰਾਵੇ ਦੇ ਕੋਡ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਵਾਈਸ ਯੂਨਿਟ ਦੀ ਹਰੇ ਅਤੇ ਚਿੱਟੇ ਰੰਗ ਦੀ ਵੈਨ 'ਤੇ ਲੈਕਚਰ ਲਈ ਲੈ ਜਾਇਆ ਜਾ ਰਿਹਾ ਸੀ, ਕਿ ਉਨ੍ਹਾਂ ਦੇ ਸਿਰ ਦੇ ਸਕਾਰਫ਼ ਕਿਵੇਂ ਪਹਿਨਣੇ ਹਨ, ਕਈ ਈਰਾਨੀ ਔਰਤਾਂ ਨੂੰ ਹੋਰ ਵੀ ਭੈੜੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ 'ਚੋਂ ਇੱਕ 22 ਸਾਲਾ ਮਹਿਸਾ ਅਮੀਨੀ ਸੀ, ਜਿਸ ਨੂੰ 16 ਸਤੰਬਰ ਨੂੰ ਤਹਿਰਾਨ 'ਚ ਨੈਤਿਕਤਾ (ਐਥਿਕਸ) ਪੁਲਸ ਨੇ ਚੁੱਕ ਲਿਆ ਸੀ ਅਤੇ ਤਿੰਨ ਦਿਨ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਕਾਰਕੁਨਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਸਿਰ ਦੀ ਸੱਟ ਕਾਰਨ ਹੋਈ ਸੀ। ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ 'ਚ ਔਰਤਾਂ ਨੇ ਹਿਜਾਬ ਸਾੜ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।