‘ਲਾਈਗਰ’ ਫ਼ਿਲਮ ਦੀ ਫੰਡਿੰਗ ਨੂੰ ਲੈ ਕੇ ਈ. ਡੀ. ਨੇ ਵਿਜੇ ਦੇਵਰਕੋਂਡਾ ਕੋਲੋਂ ਕੀਤੀ 12 ਘੰਟਿਆਂ ਤਕ ਪੁੱਛਗਿੱਛ
Thursday, Dec 01, 2022 - 11:00 AM (IST)

ਮੁੰਬਈ (ਬਿਊਰੋ)– ਅਦਾਕਾਰ ਵਿਜੇ ਦੇਵਰਕੋਂਡਾ ਕੋਲੋਂ ਈ. ਡੀ. ਨੇ ਉਨ੍ਹਾਂ ਦੀ ਫ਼ਿਲਮ ‘ਲਾਈਗਰ’ ’ਚ ਫੰਡਿੰਗ ਨੂੰ ਲੈ ਕੇ ਬੁੱਧਵਾਰ ਨੂੰ ਪੁੱਛਗਿੱਛ ਕੀਤੀ। ਈ. ਡੀ. ਨੇ ਉਸ ਤੋਂ 12 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ। ਦੇਵਰਕੋਂਡਾ ਕੋਲੋਂ ਈ. ਡੀ. ਨੇ ਸਵੇਰੇ ਸਾਢੇ ਅੱਠ ਵਜੇ ਪੁੱਛਗਿੱਛ ਸ਼ੁਰੂ ਕੀਤੀ ਸੀ, ਜੋ ਰਾਤ ਲਗਭਗ 9 ਵਜੇ ਤਕ ਚੱਲੀ। ਈ. ਡੀ. ਦੇਵਰਕੋਂਡਾ ਤੋਂ ਉਨ੍ਹਾਂ ਦੀ ਪਹਿਲੀ ਹਿੰਦੀ ਫ਼ਿਲਮ ‘ਲਾਈਗਰ’ ਦੀ ਫੰਡਿੰਗ ਨੂੰ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਇਸ ਫ਼ਿਲਮ ਦਾ ਬਜਟ 100 ਕਰੋੜ ਦੱਸਿਆ ਜਾ ਰਿਹਾ ਹੈ। ਈ. ਡੀ. ਨੇ ਇਸ ਫ਼ਿਲਮ ’ਚ ਫੰਡਿੰਗ ਨੂੰ ਲੈ ਕੇ ਸਿਰਫ ਦੇਵਰਕੋਂਡਾ ਤੋਂ ਹੀ ਨਹੀਂ, ਸਗੋਂ ਫ਼ਿਲਮ ਦੀ ਨਿਰਮਾਤਾ ਚਾਰਮੀ ਕੌਰ ਕੋਲੋਂ ਵੀ ਪੁੱਛਗਿੱਛ ਕੀਤੀ ਸੀ। ਚਾਰਮੀ ਤੋਂ ਈ. ਡੀ. ਨੇ 17 ਨਵੰਬਰ ਨੂੰ ਪੁੱਛਗਿੱਛ ਕੀਤੀ ਸੀ। ਉਸ ਦੌਰਾਨ ਚਾਰਮੀ ਕੋਲੋਂ ਖ਼ਾਸ ਤੌਰ ’ਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੀ ਉਲੰਘਣਾ ਦੇ ਦੋਸ਼ਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ : ਜੇ ਹਿੰਦ ਨੇ ਕਿਉਂ ਕੀਤਾ ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਦਾ ਗੀਤ ‘ਸੇਮ ਬੀਫ’ ਡਿਲੀਟ? ਵਜ੍ਹਾ ਕਰ ਦੇਵੇਗੀ ਹੈਰਾਨ
ਈ. ਡੀ. ਵਲੋਂ ਫ਼ਿਲਮ ਜਗਤ ਨਾਲ ਜੁੜੇ ਕਲਾਕਾਰਾਂ ਕੋਲੋਂ ਪੁੱਛਗਿੱਛ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਜੈਕਲੀਨ ਫਰਨਾਂਡੀਜ਼ ਕੋਲੋਂ ਵੀ ਈ. ਡੀ. ਨੇ ਮਨੀ ਲਾਂਡਰਿੰਗ ਨਾਲ ਜੁੜੇ ਮਾਮਲਿਆਂ ’ਚ ਸੱਤ ਘੰਟਿਆਂ ਤਕ ਪੁੱਛਗਿੱਛ ਕੀਤੀ ਸੀ। ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਯਾਨੀ ਈ. ਓ. ਡਬਲਯੂ. ਨੇ ਜੈਕਲੀਨ ਫਰਨਾਂਡੀਜ਼ ਕੋਲੋਂ 200 ਕਰੋੜ ਦੇ ਮਨੀ ਲਾਂਡਰਿੰਗ ਕੇਸ ’ਚ ਪੁੱਛਗਿੱਛ ਕੀਤੀ ਸੀ।
ਦਿੱਲੀ ਪੁਲਸ ਨੇ ਜੈਕਲੀਨ ਕੋਲੋਂ ਪਿਛਲੇ ਹਫ਼ਤੇ ਵੀ ਪੁੱਛਗਿੱਛ ਕੀਤੀ ਸੀ। ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਾਮਲੇ ’ਚ ਇਸ ਤੋਂ ਪਹਿਲਾਂ ਪਿੰਕੀ ਈਰਾਨੀ ਤੇ ਜੈਕਲੀਨ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਸੀ।
ਈ. ਡੀ. ਨੇ ਕਥਿਤ ਠੱਗ ਸੁਕੇਸ਼ ਨਾਲ ਜੁੜੇ ਕਰੋੜਾਂ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਦਾਖ਼ਲ ਦੋਸ਼ ਪੱਤਰ ’ਚ ਬਾਲੀਵੁੱਡ ਅਦਾਕਾਰਾ ਜੈਕਲੀਨ ਨੂੰ ਬਤੌਰ ਦੋਸ਼ੀ ਨਾਮਜ਼ਦ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।