ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਪਿਆਰ ਤੇ ਨਫਰਤ ਬਾਰੇ ਆਖੀ ਸ਼ਾਨਦਾਰ ਗੱਲ
Friday, Nov 07, 2025 - 10:44 AM (IST)
ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਭਾਵਨਾਵਾਂ ਦੀ ਤਾਕਤ ਅਤੇ ਜੀਵਨ ਵਿੱਚ ਉਨ੍ਹਾਂ ਦੀ ਮਹੱਤਤਾ ਬਾਰੇ ਇੱਕ ਬਹੁਤ ਹੀ ਡੂੰਘੀ ਅਤੇ ਸਕਾਰਾਤਮਕ ਗੱਲ ਕਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮਨੁੱਖ ਦੇ ਜੀਵਨ ਵਿੱਚ ਦੋ ਹੀ ਭਾਵਨਾਵਾਂ ਹਨ ਜੋ ਸਭ ਤੋਂ ਵੱਧ ਮਜ਼ਬੂਤ ਹਨ।
ਸਭ ਤੋਂ ਵੱਡੇ ਇਮੋਸ਼ਨ
ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਪਿਆਰ ਤੇ ਨਫਰਤ ਇਹ ਦੋ ਹੀ ਅਜਿਹੇ ਇਮੋਸ਼ਨ ਹਨ ਜਿਹੜੇ ਸਭ ਤੋਂ ਮਜ਼ਬੂਤ ਹਨ। ਦਿਲਜੀਤ ਨੇ ਦੱਸਿਆ ਕਿ ਜਦੋਂ ਕੋਈ ਵਿਅਕਤੀ ਕਿਸੇ ਨੂੰ ਪਿਆਰ ਕਰਦਾ ਹੈ, ਤਾਂ ਉਹ ਸਾਰੀ ਦਿਹਾੜੀ ਉਸ ਬਾਰੇ ਹੀ ਸੋਚਦਾ ਰਹਿੰਦਾ ਹੈ। ਪਰ ਇਸੇ ਤਰ੍ਹਾਂ ਜਦੋਂ ਕੋਈ ਕਿਸੇ ਨੂੰ ਨਫਰਤ ਕਰਦਾ ਹੈ, ਤਾਂ ਉਹ ਉਦੋਂ ਵੀ ਸਾਰੀ ਦਿਹਾੜੀ ਉਸੇ ਵਿਅਕਤੀ ਬਾਰੇ ਸੋਚਦਾ ਰਹਿੰਦਾ ਹੈ।
ਚੋਣ ਸਾਡੀ ਹੈ
ਅਦਾਕਾਰ ਨੇ ਸਰੋਤਿਆਂ ਨੂੰ ਇਹ ਚੁਣਨ ਲਈ ਪ੍ਰੇਰਿਤ ਕੀਤਾ ਕਿ ਉਹ ਆਪਣੇ ਅੰਦਰ ਕਿਹੜੀ ਭਾਵਨਾ ਨੂੰ ਰੱਖਣਾ ਚਾਹੁੰਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਅਸੀਂ ਕਿਸੇ ਨੂੰ ਨਫਰਤ ਕਰਦੇ ਹਾਂ, ਤਾਂ ਸਾਡਾ ਅੰਦਰ ਵੀ ਨਫਰਤ ਨਾਲ ਭਰ ਜਾਂਦਾ ਹੈ ਅਤੇ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ।
ਦਿਲਜੀਤ ਦੋਸਾਂਝ ਦੇ ਅਨੁਸਾਰ ਪਿਆਰ ਸਭ ਤੋਂ ਵੱਡਾ ਇਮੋਸ਼ਨ ਹੈ। ਉਨ੍ਹਾਂ ਨੇ ਆਪਣੇ ਵੱਲੋਂ ਸਾਰਿਆਂ ਲਈ ਪਿਆਰ ਦਾ ਸੰਦੇਸ਼ ਦਿੱਤਾ, ਭਾਵੇਂ ਕੋਈ ਉਨ੍ਹਾਂ ਨੂੰ ਨਫਰਤ ਕਰਦਾ ਹੋਵੇ ਜਾਂ ਕਿਸੇ ਦੇ ਵਿਚਾਰ ਉਨ੍ਹਾਂ ਨਾਲ ਮਿਲਦੇ ਹੋਣ ਜਾਂ ਨਾ ਮਿਲਦੇ ਹੋਣ। ਉਨ੍ਹਾਂ ਨੇ ਕਿਹਾ, "ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਹੈ"। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਹਵਾਲਾ ਦਿੰਦੇ ਹੋਏ, 'ਸਰਬੱਤ ਦੇ ਭਲੇ' ਦੀ ਗੱਲ ਕਹੀ: "ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ"
