ਦੀਪਿਕਾ ਕੱਕੜ ਤੇ ਰੁਹਾਨ ਦੀ ਸਿਹਤ ਹੋਈ ਖ਼ਰਾਬ, ਸ਼ੋਏਬ ਅਬਰਾਹਮ ਨੇ ਦਿੱਤੀ ਜਾਣਕਾਰੀ
Monday, Aug 28, 2023 - 05:14 PM (IST)
ਮੁੰਬਈ (ਬਿਊਰੋ)– ਟੈਲੀਵਿਜ਼ਨ ਦੀ ਮਸ਼ਹੂਰ ਜੋੜੀ ਸ਼ੋਏਬ ਅਬਰਾਹਮ ਤੇ ਦੀਪਿਕਾ ਕੱਕੜ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਯੂਟਿਊਬ ਚੈਨਲ ’ਤੇ VLOGS ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੀਆਂ ਝਲਕੀਆਂ ਦਿਖਾਉਂਦੇ ਰਹਿੰਦੇ ਹਨ। ਹਾਲ ਹੀ ’ਚ ਸ਼ੋਏਬ ਨੇ ਆਪਣੇ ਪੂਰੇ ਪਰਿਵਾਰ ਦੀ ਹੈਲਥ ਅਪਡੇਟ ਸਾਂਝੀ ਕੀਤੀ। ਦੱਸ ਦੇਈਏ ਕਿ 5 ਸਾਲਾਂ ਦੀ ਖ਼ੁਸ਼ੀ ਭਰੀ ਵਿਆਹੁਤਾ ਜ਼ਿੰਦਗੀ ’ਚ 21 ਜੂਨ, 2023 ਨੂੰ ਸ਼ੋਏਬ ਤੇ ਦੀਪਿਕਾ ਨੇ ਆਪਣੇ ਪੁੱਤਰ ਰੁਹਾਨ ਦਾ ਸਵਾਗਤ ਕੀਤਾ ਸੀ। ਉਦੋਂ ਤੋਂ ਹੀ ਇਸ ਜੋੜੀ ਦੀ ਜ਼ਿੰਦਗੀ ਰੁਹਾਨ ਦੇ ਆਲੇ-ਦੁਆਲੇ ਹੀ ਘੁੰਮ ਰਹੀ ਹੈ।
ਸ਼ੋਏਬ ਨੇ ਪਤਨੀ ਦੀਪਿਕਾ ਤੇ ਪੁੱਤਰ ਰੁਹਾਨ ਦੀ ਸਿਹਤ ਬਾਰੇ ਕੀਤਾ ਖ਼ੁਲਾਸਾ
ਹਾਲ ਹੀ ’ਚ ਸ਼ੋਏਬ ਨੇ ਆਪਣੇ ਯੂਟਿਊਬ ਚੈਨਲ ’ਤੇ ਆਪਣੇ ਪਰਿਵਾਰ ਦੀ ਸਿਹਤ ਬਾਰੇ ਪ੍ਰਸ਼ੰਸਕਾਂ ਨੂੰ ਅਪਡੇਟ ਕਰਨ ਲਈ ਇਕ VLOG ਸਾਂਝਾ ਕੀਤਾ। ਉਨ੍ਹਾਂ ਨੇ ਵੀਡੀਓ ਦੀ ਸ਼ੁਰੂਆਤ ਆਪਣੇ ਪ੍ਰਸ਼ੰਸਕਾਂ ਤੋਂ ਕੋਈ ਵੀਡੀਓ ਨਾ ਅਪਲੋਡ ਕਰ ਸਕਣ ਕਰਕੇ ਮੁਆਫ਼ੀ ਮੰਗ ਕੇ ਕੀਤੀ। ਬਾਅਦ ’ਚ ਸ਼ੋਏਬ ਨੇ ਦੱਸਿਆ ਕਿ ਖ਼ਰਾਬ ਮੌਸਮ ਤੇ ਫਲੂ ਕਾਰਨ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਬੀਮਾਰ ਹੋ ਗਏ ਹਨ। ਉਨ੍ਹਾਂ ਨੇ ਦੀਪਿਕਾ ਤੇ ਰੁਹਾਨ ਦੀ ਸਿਹਤ ਨੂੰ ਲੈ ਕੇ ਵੀ ਖ਼ੁਲਾਸਾ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਦੇ ਘਰ ਦੇ ਬਾਹਰ ਪਹੁੰਚੇ ਪ੍ਰਦਰਸ਼ਨਕਾਰੀ, ਮੁੰਬਈ ਪੁਲਸ ਨੇ ਵਧਾਈ ਸੁਰੱਖਿਆ, ਜਾਣੋ ਕੀ ਹੈ ਪੂਰਾ ਮਾਮਲਾ
ਸ਼ੋਏਬ ਨੇ ਕਿਹਾ, ‘‘ਮੇਰੀ ਮਾਂ, ਮੇਰਾ ਪੁੱਤਰ ਤੇ ਦੀਪਿਕਾ ਸਾਰੇ ਫਲੂ ਦਾ ਸ਼ਿਕਾਰ ਸਨ। ਦੀਪਿਕਾ ਦੇ ਗਲੇ ’ਚ ਖ਼ਰਾਸ਼ ਸੀ ਤੇ ਕਾਫ਼ੀ ਦਰਦ ਹੋ ਰਿਹਾ ਸੀ। ਉਹ ਰਾਤ ਨੂੰ ਜਾਗ ਜਾਂਦੀ ਸੀ ਤੇ ਗਲੇ ’ਚ ਦਰਦ ਕਾਰਨ ਰੋਂਦੀ ਰਹਿੰਦੀ ਸੀ। ਫਿਰ ਅਸੀਂ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਤੇ ਹੁਣ ਸਭ ਠੀਕ ਹੈ। ਮੇਰੀ ਮਾਂ, ਰੁਹਾਨ ਤੇ ਪਰਿਵਾਰ ਦੇ ਬਾਕੀ ਸਭ ਲੋਕ ਠੀਕ ਹਨ। ਅੱਜ-ਕੱਲ ਮੌਸਮ ਠੀਕ ਨਹੀਂ ਹੈ, ਜਿਸ ਕਰਕੇ ਹਰ ਕੋਈ ਫਲੂ ਦੀ ਚਪੇਟ ’ਚ ਆ ਰਿਹਾ ਹੈ।’’
ਇਸ ਤੋਂ ਬਾਅਦ ਵੀਡੀਓ ’ਚ ਦੀਪਿਕਾ ਆਪਣੀ ਸਿਹਤ ਬਾਰੇ ਵੀ ਗੱਲ ਕਰਦੀ ਹੋਈ ਨਜ਼ਰ ਆਈ। ਉਸ ਨੇ ਵੀ ਖ਼ਰਾਬ ਗਲੇ ਕਾਰਨ ਰਾਤ ਨੂੰ ਬਹੁਤ ਰੋਣ ਦਾ ਜ਼ਿਕਰ ਕੀਤਾ। ਹੁਣ ਦੀਪਿਕਾ ਤੇ ਉਨ੍ਹਾਂ ਦੇ ਪੁੱਤਰ ਦੀ ਹਾਲਤ ’ਚ ਕਾਫ਼ੀ ਸੁਧਾਰ ਹੋ ਗਿਆ ਹੈ। ਦੀਪਿਕਾ ਨੇ ਦੱਸਿਆ, ‘‘ਮੈਂ ਸੱਚੀ ਠੀਕ ਨਹੀਂ ਸੀ। ਮੇਰੇ ਗਲੇ ’ਚ ਬਹੁਤ ਦਰਦ ਸੀ ਤੇ ਮੈਂ ਕੁਝ ਦਿਨਾਂ ਤੱਕ ਬੀਮਾਰ ਸੀ। ਇਕ ਰਾਤ ਮੈਂ ਦਰਦ ਦੇ ਕਾਰਨ ਬਹੁਤ ਰੋਈ ਤੇ ਬਾਅਦ ’ਚ ਸ਼ੋਏਬ ਮੈਨੂੰ ਹਸਪਤਾਲ ਵੀ ਲੈ ਕੇ ਗਏ। ਮਾਂ, ਰੁਹਾਨ ਤੇ ਹੋਰ ਲੋਕਾਂ ਨੂੰ ਵੀ ਇਸ ਦਾ ਸਾਹਮਣਾ ਕਰਨਾ ਪਿਆ।’’
ਜਦੋਂ ਦੀਪਿਕਾ ਕੱਕੜ ਨੇ ਸ਼ੋਏਬ ਤੇ ਰੁਹਾਨ ਦੀ ਇਕ ਪਿਆਰੀ ਝਲਕ ਕੀਤੀ ਸ਼ੇਅਰ
30 ਜੁਲਾਈ, 2023 ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦੀਪਿਕਾ ਨੇ ਸ਼ੋਏਬ ਤੇ ਇਕ ਮਹੀਨੇ ਦੇ ਪੁੱਤਰ ਰੁਹਾਨ ਨਾਲ ਇਕ ਪਿਆਰੀ ਤਸਵੀਰ ਸਾਂਝੀ ਕੀਤੀ ਸੀ। ਇਸ ’ਚ ਪਿਓ-ਪੁੱਤ ਦੀ ਜੋੜੀ ਆਪਣੇ ਬੈੱਡ ’ਤੇ ਲੇਟੀ ਦਿਖਾਈ ਦਿੱਤੀ, ਜਿਸ ’ਚ ਰੁਹਾਨ ਨੇ ਆਪਣੇ ਪਿਤਾ ਦੇ ਚਿਹਰੇ ਨੂੰ ਛੂਹਿਆ ਸੀ। ਸ਼ੋਏਬ ਆਪਣੇ ਪੁੱਤ ਦੇ ਹੱਥ ਨੂੰ ਚੁੰਮਦਾ ਨਜ਼ਰ ਆਇਆ। ਇਹ ਪਲ ਅਸਲ ’ਚ ਅਨਮੋਲ ਸੀ ਤੇ ਇਸ ਨੂੰ ਸਾਂਝਾ ਕਰਦਿਆਂ ਦੀਪਿਕਾ ਨੇ ਲਿਖਿਆ, ‘‘ਮੇਰਾ ਸਕੂਨ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।