ਜਿਣਸੀ ਸ਼ੋਸ਼ਣ ਦੇ ਦੋਸ਼ ’ਚ ਛੱਤੀਸਗੜ੍ਹੀ ਫਿਲਮ ਅਦਾਕਾਰ ਗ੍ਰਿਫਤਾਰ
Sunday, Feb 25, 2024 - 01:08 PM (IST)

ਦੁਰਗ- ਛੱਤੀਸਗੜ੍ਹ ਦੇ ਦੁਰਗ ਜ਼ਿਲੇ ’ਚ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਵਿਆਹ ਦਾ ਝਾਂਸਾ ਦੇ ਕੇ ਪਿਛਲੇ 13 ਸਾਲ ਤੋਂ ਕਥਿਤ ਤੌਰ ’ਤੇ ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਪੁਲਸ ਨੇ ਖੇਤਰੀ ਸਿਨੇਮਾ ਦੇ ਇਕ ਅਦਾਕਾਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਛੱਤੀਸਗੜ੍ਹੀ ਫਿਲਮ ਅਭਿਨੇਤਾ, ਨਿਰਦੇਸ਼ਕ ਅਤੇ ਨਿਰਮਾਤਾ ਮਨੋਜ ਰਾਜਪੂਤ ਨੂੰ 29 ਸਾਲਾ ਪੀੜਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੀੜਤਾ ਨੇ 22 ਫਰਵਰੀ ਦੀ ਰਾਤ ਨੂੰ ਪੁਰਾਣੇ ਭਿਲਾਈ ਸ਼ਹਿਰ ਦੇ ਸਰਕਾਰੀ ਰੇਲਵੇ ਪੁਲਸ (ਜੀ. ਆਰ. ਪੀ.) ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਕਿ ਰਾਜਪੂਤ ਉਸਦੇ ਨਾਲ ਵਿਆਹ ਕਰਨ ਦਾ ਝਾਂਸਾ ਦੇ ਕੇ 2011 ਤੋਂ ਉਸਦਾ ਜਿਣਸੀ ਸ਼ੋਸ਼ਣ ਕਰਦਾ ਆ ਰਿਹਾ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਨੇ ਰਾਜਪੂਤ ’ਤੇ ਗੈਰ-ਕੁਦਰਤੀ ਸੈਕਸ ਕਰਨ ਦਾ ਵੀ ਦੋਸ਼ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਰਾਜਪੂਤ ਨੇ ਪੀੜਤਾ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਸ਼ਿਕਾਇਤ ਦਰਜ ਕਰਵਾਈ।