ਬੰਬੇ ਹਾਈਕੋਰਟ ਨੇ ਸਲਮਾਨ ਖ਼ਾਨ ਨੂੰ ਦਿੱਤੀ ਵੱਡੀ ਰਾਹਤ, ਕਿਹਾ– ‘ਸੈਲੇਬ੍ਰਿਟੀ ਨੂੰ ਪ੍ਰੇਸ਼ਾਨ ਕਰਨ ਲਈ...’
Wednesday, Apr 12, 2023 - 04:51 PM (IST)
ਮੁੰਬਈ (ਬਿਊਰੋ)– ਬੰਬੇ ਹਾਈਕੋਰਟ ਨੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਸਲਮਾਨ ਖ਼ਿਲਾਫ਼ ਜਾਰੀ ਸੰਮਨ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਕੋਈ ਦੋਸ਼ੀ ਸੈਲੇਬ੍ਰਿਟੀ ਹੈ, ਸਿਰਫ ਇਸ ਲਈ ਨਿਆਂਇਕ ਪ੍ਰਕਿਰਿਆ ਦੀ ਵਰਤੋਂ ਕਰਕੇ ਉਸ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਹੈ। ਸਾਲ 2019 ਦੇ ਇਕ ਮਾਮਲੇ ’ਚ ਹਾਈਕੋਰਟ ਨੇ ਸਲਮਾਨ ਖ਼ਾਨ ਨੂੰ ਰਾਹਤ ਦਿੱਤੀ ਹੈ। ਅਸ਼ੋਕ ਪਾਂਡੇ ਨਾਂ ਦੇ ਪੱਤਰਕਾਰ ਨੇ ਸਲਮਾਨ ਖ਼ਾਨ ’ਤੇ ਧਮਕਾਉਣ ਦਾ ਦੋਸ਼ ਲਗਾਉਂਦਿਆਂ ਕੇਸ ਦਾਇਰ ਕੀਤਾ ਸੀ।
ਮਾਮਲੇ ਦੀ ਸੁਣਵਾਈ ਕਰ ਰਹੀ ਹਾਈਕੋਰਟ ਦੀ ਜੱਜ ਭਾਰਤੀ ਡਾਂਗਰੇ ਨੇ ਕਿਹਾ ਕਿ ਨਿਆਂਇਕ ਪ੍ਰਕਿਰਿਆ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾਵੇ ਕਿਉਂਕਿ ਉਹ ਇਕ ਮਸ਼ਹੂਰ ਸੈਲੇਬ੍ਰਿਟੀ ਅਦਾਕਾਰ ਹੈ। ਸ਼ਿਕਾਇਤਕਰਤਾ ਵਲੋਂ ਉਸ ਵਿਰੁੱਧ ਕੋਈ ਸਾਜ਼ਿਸ਼ ਨਹੀਂ ਕੀਤੀ ਜਾ ਸਕਦੀ। ਹੇਠਲੀ ਅਦਾਲਤ ਨੇ ਸਲਮਾਨ ਖ਼ਾਨ ਤੇ ਉਨ੍ਹਾਂ ਦੇ ਬਾਡੀਗਾਰਡ ਖ਼ਿਲਾਫ਼ ਸੰਮਨ ਜਾਰੀ ਕੀਤਾ ਸੀ। ਇਸ ਨੂੰ ਚੁਣੌਤੀ ਦਿੰਦਿਆਂ ਸਲਮਾਨ ਖ਼ਾਨ ਨੇ ਹਾਈਕੋਰਟ ਦਾ ਰੁਖ਼ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਚੜ੍ਹਿਆ ਪੁਲਸ ਦੇ ਅੜਿੱਕੇ
ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਉਸ ਨੇ ਸਲਮਾਨ ਖ਼ਾਨ ਨੂੰ ਮੁੰਬਈ ਦੀਆਂ ਗਲੀਆਂ ’ਚ ਸਾਈਕਲ ਚਲਾਉਂਦੇ ਦੇਖਿਆ ਸੀ। ਇਸ ’ਤੇ ਉਸ ਨੇ ਸਲਮਾਨ ਖ਼ਾਨ ਦੇ ਬਾਡੀਗਾਰਡ ਤੋਂ ਇਜਾਜ਼ਤ ਲੈ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਪਰ ਇਸ ਦੌਰਾਨ ਸਲਮਾਨ ਖ਼ਾਨ ਗੁੱਸੇ ’ਚ ਆ ਗਏ ਤੇ ਉਨ੍ਹਾਂ ਦਾ ਫੋਨ ਖੋਹ ਲਿਆ ਤੇ ਉਸ ’ਚ ਮੌਜੂਦ ਸਾਰਾ ਡਾਟਾ ਡਿਲੀਟ ਕਰ ਦਿੱਤਾ। ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਤੇ ਫਿਰ ਮੈਜਿਸਟ੍ਰੇਟ ਕੋਰਟ ਨੇ ਸਲਮਾਨ ਖ਼ਾਨ ਖ਼ਿਲਾਫ਼ ਧਾਰਾ 504, 506 ਤੇ 202 ਦੇ ਤਹਿਤ ਮਾਮਲਾ ਚਲਾਉਣ ਲਈ ਕਿਹਾ ਸੀ। ਅਦਾਲਤ ਨੇ ਸਲਮਾਨ ਖ਼ਾਨ ਨੂੰ ਵੀ ਵਿਅਕਤੀਗਤ ਤੌਰ ’ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ।
ਇਸ ਹੁਕਮ ਦੇ ਖ਼ਿਲਾਫ਼ ਸਲਮਾਨ ਖ਼ਾਨ ਹਾਈਕੋਰਟ ਗਏ ਸਨ। ਹਾਈਕੋਰਟ ਨੇ ਅਪ੍ਰੈਲ 2022 ’ਚ ਸਲਮਾਨ ਖ਼ਾਨ ਦੇ ਨਿੱਜੀ ਤੌਰ ’ਤੇ ਪੇਸ਼ ਹੋਣ ’ਤੇ ਪਾਬੰਦੀ ਲਗਾ ਦਿੱਤੀ ਸੀ। ਜਸਟਿਸ ਭਾਰਤੀ ਡਾਂਗਰੇ ਨੇ 30 ਮਾਰਚ ਨੂੰ ਸਲਮਾਨ ਖ਼ਾਨ ਤੇ ਉਨ੍ਹਾਂ ਦੇ ਬਾਡੀਗਾਰਡ ਨਵਾਜ਼ ਸ਼ੇਖ ਵਲੋਂ ਦਾਇਰ ਅਰਜ਼ੀਆਂ ਨੂੰ ਮਨਜ਼ੂਰੀ ਦੇ ਦਿੱਤੀ ਤੇ ਹੇਠਲੀ ਅਦਾਲਤ ਵਲੋਂ ਉਨ੍ਹਾਂ ਨੂੰ ਜਾਰੀ ਕੀਤੇ ਸੰਮਨ ਨੂੰ ਰੱਦ ਕਰ ਦਿੱਤਾ। ਮੰਗਲਵਾਰ ਨੂੰ ਉਪਲੱਬਧ ਇਕ ਵਿਸਤ੍ਰਿਤ ਆਦੇਸ਼ ’ਚ ਹਾਈਕੋਰਟ ਨੇ ਨੋਟ ਕੀਤਾ ਕਿ ਮੈਜਿਸਟ੍ਰੇਟ ਦੀ ਅਦਾਲਤ ਸੰਮਨ ਜਾਰੀ ਕਰਨ ਤੋਂ ਪਹਿਲਾਂ ਪ੍ਰਕਿਰਿਆ ਦੇ ਆਦੇਸ਼ ਦੀ ਪਾਲਣਾ ਕਰਨ ’ਚ ਅਸਫਲ ਰਹੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।