ਆਸਿਮ ਰਿਆਜ਼ ''ਤੇ ਬਾਈਕ ਸਵਾਰ ਨੇ ਕੀਤਾ ਹਮਲਾ, ਗੰਭੀਰ ਜ਼ਖਮੀ
08/06/2020 9:43:17 AM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਕਨਰਅੱਪ ਰਹੇ ਮਾਡਲ ਤੇ ਅਦਾਕਾਰ ਆਸਿਮ ਰਿਆਜ਼ ਦਾ ਐਕਸੀਡੈਂਟ ਹੋ ਗਿਆ ਹੈ। ਇਸ ਹਾਦਸੇ 'ਚ ਆਸਿਮ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਉਸ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰੀਏ ਦਿੱਤੀ ਹੈ। ਆਸਿਮ ਰਿਆਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਉਸ ਨੇ ਦੱਸਿਆ ਹੈ ਕਿ ਉਹ ਸੜਕ 'ਤੇ ਆਪਣੀ ਸਾਈਕਲ 'ਤੇ ਜਾ ਰਿਹਾ ਸੀ, ਅਚਾਨਕ ਇੱਕ ਬਾਈਕ (ਮੋਟਰਸਾਈਕਲ) ਸਵਾਰ ਨੇ ਜਾਣ ਬੁੱਝ ਕੇ ਟੱਕਰ ਮਾਰ ਦਿੱਤੀ। ਆਸਿਮ ਨੇ ਵੀਡੀਓ 'ਚ ਆਪਣੀਆਂ ਸੱਟਾਂ ਨੂੰ ਵੀ ਦਿਖਾਇਆ ਹੈ।
ਵੀਡੀਓ ਮੁਤਾਬਕ, ਆਸਿਮ ਰਿਆਜ਼ ਦੇ ਗੋਢਾ ਅਤੇ ਪੈਰ ਬੁਰੀ ਤਰ੍ਹਾਂ ਜ਼ਖਮੀ ਹੈ। ਇਸ ਤੋਂ ਇਲਾਵਾ ਉਸ ਦੇ ਮੋਢੇ ਤੇ ਪਿੱਠ 'ਤੇ ਵੀ ਸੱਟਾਂ ਲੱਗੀਆਂ ਹਨ। ਦੱਸ ਦਈਏ ਕਿ ਆਸਿਮ ਨੂੰ ਟੱਕਰ ਮਾਰਨ ਵਾਲਾ ਵਿਅਕਤੀ ਫੜ੍ਹਿਆ ਗਿਆ ਹੈ ਜਾਂ ਨਹੀਂ, ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਆਸਿਮ ਰਿਆਜ਼ ਦੇ ਹਾਦਸੇ ਦੀ ਖ਼ਬਰ ਮਿਲਦੇ ਹੀ ਉਸ ਚਾਹੁਣ ਵਾਲੇ ਸੋਸ਼ਲ ਮੀਡੀਆ 'ਤੇ ਉਸ ਲਈ ਦੁਆਵਾਂ ਕਰਨ ਲੱਗੇ। ਟਵਿੱਟਰ 'ਤੇ ਲਗਾਤਾਰ ਆਸਿਮ ਰਿਆਜ਼ ਦਾ ਨਾਂ ਟਰੈਂਡ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੀ ਜੋੜੀ ਇੱਕ ਵਾਰ ਮੁੜ ਤੋਂ ਕਮਾਲ ਕਰਨ ਜਾ ਰਹੀ ਹੈ। ਇੱਕ ਵਾਰ ਮੁੜ ਤੋਂ ਇਹ ਜੋੜੀ ‘ਦਿਲ ਕੋ ਮੈਂਨੇ ਦੀ ਕਸਮ’ ਗੀਤ ‘ਚ ਨਜ਼ਰ ਆਵੇਗੀ । ਇਸ ਗੀਤ ਨੂੰ ਅਰਿਜੀਤ ਸਿੰਘ ਆਪਣੀ ਆਵਾਜ਼ ਨਾਲ ਸ਼ਿੰਗਾਰਨਗੇ, ਜਿਸ ਦੇ ਬੋਲ ਕੁਮਾਰ ਦੀ ਕਲਮ ਵਿਚੋਂ ਨਿਕਲੇ ਹਨ।
ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਇਹ ਗੀਤ 10 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਹਾਲ ਹੀ ਹਿਮਾਂਸ਼ੀ ਖੁਰਾਣਾ ਨੇ ਇਸ ਗੀਤ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।