ਦੇਸ਼ ਛੱਡਣ ਦੀਆਂ ਅਫਵਾਹਾਂ ਵਿਚਾਲੇ ਐੱਨ. ਸੀ. ਬੀ. ਅੱਗੇ ਪੇਸ਼ ਹੋਏ ਅਰਜੁਨ ਰਾਮਪਾਲ

12/21/2020 3:29:06 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅੱਜ ਐੱਨ. ਸੀ. ਬੀ. ਦਫਤਰ ਪੁੱਜੇ। ਅਰਜੁਨ ਰਾਮਪਾਲ ਨੂੰ ਫਿਰ ਬਾਲੀਵੁੱਡ ’ਚ ਡਰੱਗਜ਼ ਕਨੈਕਸ਼ਨ ਦੇ ਮਾਮਲੇ ’ਚ ਪੁੱਛਗਿੱਛ ਲਈ ਐੱਨ. ਸੀ. ਬੀ. ਕੋਲ ਤਲਬ ਕੀਤਾ ਗਿਆ ਸੀ। 16 ਦਸੰਬਰ ਨੂੰ ਅਰਜੁਨ ਰਾਮਪਾਲ ਨੇ ਐੱਨ. ਸੀ. ਬੀ. ਦੇ ਸੀਨੀਅਰ ਅਧਿਕਾਰੀਆਂ ਨੂੰ ਬੇਨਤੀ ਕਰਦਿਆਂ 22 ਦਸੰਬਰ ਤੱਕ ਦਾ ਸਮਾਂ ਮੰਗਿਆ ਸੀ ਤੇ ਕਿਹਾ ਸੀ ਕਿ ਉਹ ਜਾਂਚ ’ਚ ਸਹਿਯੋਗ ਲਈ ਐੱਨ. ਸੀ. ਬੀ. ਦਫ਼ਤਰ ਆਉਣਗੇ। ਜਾਣਕਾਰੀ ਦਿੰਦਿਆਂ ਐੱਨ. ਸੀ. ਬੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਜ ਉਹ ਐੱਨ. ਸੀ. ਬੀ. ਦੇ ਦਫ਼ਤਰ ਪਹੁੰਚ ਗਿਆ ਹੈ।

ਦੱਸਣਯੋਗ ਹੈ ਕਿ ਐੱਨ. ਸੀ. ਬੀ. ਨੇ ਅਰਜੁਨ ਰਾਮਪਾਲ ਨੂੰ ਦੂਜੀ ਵਾਰ ਪੁੱਛਗਿੱਛ ਲਈ ਬੁਲਾਇਆ ਹੈ। ਇਸ ਤੋਂ ਪਹਿਲਾਂ ਐੱਨ. ਸੀ. ਬੀ. ਨੇ 13 ਨਵੰਬਰ ਨੂੰ ਉਸ ਤੋਂ ਪੁੱਛਗਿੱਛ ਕੀਤੀ ਸੀ। ਉਦੋਂ ਐੱਨ. ਸੀ. ਬੀ. ਦਫ਼ਤਰ ਛੱਡਣ ਤੋਂ ਬਾਅਦ ਅਰਜੁਨ ਰਾਮਪਾਲ ਨੇ ਕਿਹਾ, ‘ਕਿਸੇ ਨਿਰਦੋਸ਼ ਦੀ ਸਾਖ ਨੂੰ ਮਾਰਨਾ ਗਲਤ ਹੈ। ਮੇਰਾ ਨਸ਼ਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਐੱਨ. ਸੀ. ਬੀ. ਇਸ ਕੇਸ ਨੂੰ ਲੈ ਕੇ ਚਿੰਤਤ ਹੈ। ਜੋ ਕੰਮ ਕੀਤਾ ਜਾ ਰਿਹਾ ਹੈ ਉਹ ਸਹੀ ਹੈ। ਜਿਨ੍ਹਾਂ ਮਾਮਲਿਆਂ ’ਚ ਐੱਨ. ਸੀ. ਬੀ. ਜਾਂਚ ਕਰ ਰਿਹਾ ਹੈ, ਐੱਨ. ਸੀ. ਬੀ. ਨੂੰ ਵੀ ਯਕੀਨ ਹੋ ਗਿਆ ਹੈ ਕਿ ਇਸ ਕੇਸ ਨਾਲ ਮੇਰਾ ਕੁਝ ਲੈਣਾ ਦੇਣਾ ਨਹੀਂ ਹੈ।’

ਇਸ ਤੋਂ ਪਹਿਲਾਂ ਐੱਨ. ਸੀ. ਬੀ. ਨੇ ਲਗਾਤਾਰ ਦੋ ਦਿਨਾਂ ਤਕ ਰਾਮਪਾਲ ਦੀ ਪ੍ਰੇਮਿਕਾ ਗੈਬਰੀਏਲਾ ਡੀਮੇਟਰੀਅਡਿਸ ਤੋਂ 6-6 ਘੰਟੇ ਪੁੱਛਗਿੱਛ ਕੀਤੀ ਸੀ। ਐੱਨ. ਸੀ. ਬੀ. ਨੇ 12 ਨਵੰਬਰ ਨੂੰ ਅਰਜੁਨ ਰਾਮਪਾਲ ਦੇ ਵਿਦੇਸ਼ੀ ਮਿੱਤਰ ਪੌਲ ਗੇਅਰਡ ਨੂੰ ਗ੍ਰਿਫਤਾਰ ਕੀਤਾ ਸੀ।

9 ਨਵੰਬਰ ਨੂੰ ਅਰਜੁਨ ਰਾਮਪਾਲ ਦੇ ਘਰ ਛਾਪੇਮਾਰੀ ਦੌਰਾਨ ਐੱਨ. ਸੀ. ਬੀ. ਨੇ ਇਲੈਕਟ੍ਰਾਨਿਕ ਯੰਤਰ ਜਿਵੇਂ ਲੈਪਟਾਪ, ਮੋਬਾਈਲ ਫੋਨ ਤੇ ਟੈਬਲੇਟ ਜ਼ਬਤ ਕੀਤੇ ਸਨ ਤੇ ਅਰਜੁਨ ਦੇ ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਸੀ। ਰਾਮਪਾਲ ਦੇ ਘਰ ’ਤੇ ਛਾਪੇਮਾਰੀ ਤੋਂ ਇਕ ਦਿਨ ਪਹਿਲਾਂ ਐੱਨ. ਸੀ. ਬੀ. ਨੇ ਬਾਲੀਵੁੱਡ ਨਿਰਮਾਤਾ ਫਿਰੋਜ਼ ਨਾਡੀਆਡਵਾਲਾ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਦੇ ਘਰੋਂ ਗਾਂਜਾ ਬਰਾਮਦ ਹੋਇਆ ਸੀ।

ਇਸ ਤੋਂ ਪਹਿਲਾਂ ਅਰਜੁਨ ਰਾਮਪਾਲ ਦੀ ਮਹਿਲਾ ਦੋਸਤ ਗੈਬਰੀਏਲਾ ਦੇ ਭਰਾ ਐਜੀਸੀਓਲਸ ਨੂੰ ਅਪਾਰਟਮੈਂਟ ’ਚ ਨਸ਼ੀਲੇ ਪਦਾਰਥ ਮਿਲਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ। ਪਿਛਲੇ ਮਹੀਨੇ ਐੱਨ. ਸੀ. ਬੀ. ਨੇ ਨਸ਼ਿਆਂ ਦੇ ਮਾਮਲੇ ’ਚ ਪੁਣੇ ਜ਼ਿਲੇ ਦੇ ਲੋਨਾਵਾਲਾ ’ਚ ਇਕ ਰਿਜ਼ਾਰਟ ਤੋਂ ਐਜੀਸੀਓਲਸ ਡੀਮੇਟ੍ਰਾਈਡਜ਼ ਨੂੰ ਗ੍ਰਿਫਤਾਰ ਕੀਤਾ ਸੀ।

ਨੋਟ– ਡਰੱਗਸ ਮਾਮਲੇ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News