ਆਮਿਰ ਖ਼ਾਨ ਨੇ ਸੰਦੀਪ ਰੈੱਡੀ ਵਾਂਗਾ ਦੀਆਂ ਫ਼ਿਲਮਾਂ ’ਤੇ ਦਿੱਤੀ ਪ੍ਰਤੀਕਿਰਿਆ, ਆਖੀ ਇਹ ਗੱਲ

Wednesday, Feb 07, 2024 - 06:02 PM (IST)

ਆਮਿਰ ਖ਼ਾਨ ਨੇ ਸੰਦੀਪ ਰੈੱਡੀ ਵਾਂਗਾ ਦੀਆਂ ਫ਼ਿਲਮਾਂ ’ਤੇ ਦਿੱਤੀ ਪ੍ਰਤੀਕਿਰਿਆ, ਆਖੀ ਇਹ ਗੱਲ

ਮੁੰਬਈ (ਬਿਊਰੋ)– ਫ਼ਿਲਮ ਨਿਰਮਾਤਾ ਕਿਰਨ ਰਾਓ ਤੇ ‘ਐਨੀਮਲ’ ਦੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਦੇ ਨਾਂ ਹਾਲ ਹੀ ’ਚ ਖ਼ਬਰਾਂ ਦਾ ਹਿੱਸਾ ਰਹੇ ਹਨ। ਵਾਂਗਾ ਨੇ ਇਕ ਪੁਰਾਣੇ ਬਿਆਨ ਨੂੰ ਲੈ ਕੇ ਕਿਰਨ ਦੇ ਸਾਬਕਾ ਪਤੀ ਆਮਿਰ ਖ਼ਾਨ ’ਤੇ ਨਿਸ਼ਾਨਾ ਵਿੰਨ੍ਹਿਆ ਸੀ। ਕੁਝ ਮਹੀਨੇ ਪਹਿਲਾਂ ਕਿਰਨ ਨੇ ਬਾਲੀਵੁੱਡ ਫ਼ਿਲਮਾਂ ’ਚ ‘ਸਟਾਕਿੰਗ ਨੂੰ ਗਲੋਰੀਫਾਈ’ ਕਰਨ ਦੀ ਨਿੰਦਿਆ ਕਰਦਿਆਂ ਸੰਦੀਪ ਰੈੱਡੀ ਵਾਂਗਾ ਦੀ ਫ਼ਿਲਮ ‘ਕਬੀਰ ਸਿੰਘ’ ਦਾ ਨਾਂ ਲਿਆ ਸੀ।

ਆਪਣੇ ਇਕ ਤਾਜ਼ਾ ਇੰਟਰਵਿਊ ’ਚ ਕਿਰਨ ਰਾਓ ਦੇ ਇਸ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਵਾਂਗਾ ਨੇ ਕਿਹਾ ਸੀ ਕਿ ਉਸ ਨੂੰ ਦੇਖਣਾ ਚਾਹੀਦਾ ਹੈ ਕਿ ਆਮਿਰ ਆਪਣੀਆਂ ਫ਼ਿਲਮਾਂ ‘ਦਿਲ’ ਤੇ ‘ਖੰਬੇ ਜੈਸੀ ਖੜ੍ਹੀ ਹੈ’ ਗੀਤਾਂ ’ਚ ਕੀ ਕਰ ਰਹੇ ਹਨ। ਵਾਂਗਾ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਰਨ ਨੇ ਕਿਹਾ ਸੀ ਕਿ ਜੇਕਰ ਵਾਂਗਾ ਨੂੰ ਆਮਿਰ ਦੇ ਪਿਛਲੇ ਕੰਮ ਤੋਂ ਕੋਈ ਸਮੱਸਿਆ ਹੈ ਤਾਂ ਉਹ ਸਿੱਧੇ ਆਮਿਰ ਨਾਲ ਗੱਲ ਕਰੇ।

ਹੁਣ ਆਮਿਰ ਖ਼ਾਨ ਨੇ ਵਾਂਗਾ ਦੀਆਂ ਫ਼ਿਲਮਾਂ ਤੇ ਹਿੰਸਕ ਫ਼ਿਲਮਾਂ ਦੇ ਹਿੱਟ ਹੋਣ ਦੀ ਗੱਲ ਕੀਤੀ ਹੈ। ਬਾਲੀਵੁੱਡ ਸੁਪਰਸਟਾਰ ਆਮਿਰ ਇਨ੍ਹੀਂ ਦਿਨੀਂ ਆਪਣੇ ਪ੍ਰੋਡਕਸ਼ਨ ਹਾਊਸ ’ਚ ਬਣੀ ਫ਼ਿਲਮ ‘ਲਾਪਤਾ ਲੇਡੀਜ਼’ ਦੀ ਪ੍ਰਮੋਸ਼ਨ ਕਰ ਰਹੇ ਹਨ, ਜਿਸ ਦਾ ਨਿਰਦੇਸ਼ਨ ਉਨ੍ਹਾਂ ਦੀ ਸਾਬਕਾ ਪਤਨੀ ਕਿਰਨ ਰਾਓ ਕਰ ਰਹੀ ਹੈ।

‘ਐਨੀਮਲ’ ਤੇ ‘ਕਬੀਰ ਸਿੰਘ’ ’ਤੇ ਬੋਲੇ ਆਮਿਰ ਖ਼ਾਨ
ਨਿਊਜ਼ 18 ਨਾਲ ਗੱਲਬਾਤ ਦਾ ਹਿੱਸਾ ਰਹੇ ਆਮਿਰ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਫ਼ਿਲਮ ‘ਲਾਪਤਾ ਲੇਡੀਜ਼’ ’ਚ ਨਾਰੀਵਾਦੀ ਐਂਗਲ ਹੈ ਪਰ ਅੱਜ-ਕੱਲ ‘ਐਨੀਮਲ’ ਤੇ ‘ਕਬੀਰ ਸਿੰਘ’ ਵਰਗੀਆਂ ਫ਼ਿਲਮਾਂ ਬਣ ਰਹੀਆਂ ਹਨ। ਉਨ੍ਹਾਂ ’ਚ ਜਿਸ ਤਰ੍ਹਾਂ ਦੀ ਹਿੰਸਾ ਤੇ ਜਿਸ ਤਰ੍ਹਾਂ ਔਰਤਾਂ ਨੂੰ ਪੇਸ਼ ਕੀਤਾ ਗਿਆ ਹੈ, ਕੀ ਅਜਿਹਾ ਲੱਗਦਾ ਹੈ ਕਿ ਦਰਸ਼ਕ ਕਿਸੇ ਹੋਰ ਦਿਸ਼ਾ ’ਚ ਜਾ ਰਹੇ ਹਨ?

ਇਹ ਖ਼ਬਰ ਵੀ ਪੜ੍ਹੋ : ਈਸ਼ਾ ਦਿਓਲ ਤੋਂ ਕਿਉਂ ਦੂਰ ਹੋਣ ਲੱਗਾ ਸੀ ਪਤੀ ਭਰਤ ਤਖਤਾਨੀ? ਅਦਾਕਾਰਾ ਨੇ ਖ਼ੁਦ ਦੱਸਿਆ ਸੱਚ

ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਆਮਿਰ ਨੇ ਕਿਹਾ, ‘‘ਦਰਸ਼ਕ ਹਰ ਤਰ੍ਹਾਂ ਦੀ ਫ਼ਿਲਮ ਦੇਖਦੇ ਹਨ। ਸਿਰਫ਼ ਇਸ ਲਈ ਕਿ ਤੁਹਾਨੂੰ ਇਕ ਫ਼ਿਲਮ ਪਸੰਦ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਦੂਜੀ ਨੂੰ ਪਸੰਦ ਨਹੀਂ ਕਰਦੇ। ਦਰਸ਼ਕ ਹਰ ਤਰ੍ਹਾਂ ਦੀ ਫ਼ਿਲਮ ਨੂੰ ਪਸੰਦ ਕਰਦੇ ਹਨ।’’ ਸੰਦੀਪ ਰੈੱਡੀ ਵਾਂਗਾ ਦੀਆਂ ਫ਼ਿਲਮਾਂ ਬਾਰੇ ਆਮਿਰ ਨੇ ਕਿਹਾ, ‘‘ਮੈਂ ਉਹ ਫ਼ਿਲਮਾਂ ਨਹੀਂ ਦੇਖੀਆਂ, ਜਿਨ੍ਹਾਂ ਦੇ ਨਾਂ ਤੁਸੀਂ ਦੱਸੇ ਹਨ, ਇਸ ਲਈ ਮੈਂ ਉਨ੍ਹਾਂ ’ਤੇ ਟਿੱਪਣੀ ਨਹੀਂ ਕਰਾਂਗਾ।’’

ਲੋਕ ਹਰ ਤਰ੍ਹਾਂ ਦੀ ਫ਼ਿਲਮ ਨੂੰ ਪਸੰਦ ਕਰਦੇ ਹਨ
ਦਰਸ਼ਕਾਂ ਦੀ ਪਸੰਦ ਬਾਰੇ ਗੱਲ ਕਰਦਿਆਂ ਆਮਿਰ ਨੇ ਅੱਗੇ ਕਿਹਾ, ‘‘ਇਕ ਦਰਸ਼ਕ ਹੋਣ ਦੇ ਨਾਤੇ ਤੁਹਾਨੂੰ ਕਦੇ ਕਾਮੇਡੀ ਪਸੰਦ ਹੈ, ਕਦੇ ਤੁਹਾਨੂੰ ਐਕਸ਼ਨ ਪਸੰਦ ਹੈ। ਕਈ ਵਾਰ ਉਹੀ ਦਰਸ਼ਕ ਨਾਟਕ ਨੂੰ ਵੀ ਪਸੰਦ ਕਰਦੇ ਹਨ। ਦਰਸ਼ਕ ਚੰਗੀਆਂ ਕਹਾਣੀਆਂ ਪਸੰਦ ਕਰਦੇ ਹਨ, ਉਹ ਸ਼ੈਲੀ ਦੀ ਬਹੁਤੀ ਪਰਵਾਹ ਨਹੀਂ ਕਰਦੇ। ਜੇਕਰ ਲੋਕ ਕਿਰਦਾਰ ਨਾਲ ਜੁੜ ਰਹੇ ਹਨ ਤਾਂ ਤੁਹਾਨੂੰ ਉਹ ਫ਼ਿਲਮ ਪਸੰਦ ਹੈ।’’

ਜਦੋਂ ਆਮਿਰ ਤੋਂ ਪੁੱਛਿਆ ਗਿਆ ਕਿ ਕੀ ਹੁਣ ਸਮਾਜ ਤੇ ਫ਼ਿਲਮਾਂ ਦੇ ਦਰਸ਼ਕ ਬਦਲ ਰਹੇ ਹਨ? ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਮਹਿਸੂਸ ਕਰਦੇ ਹਨ ਕਿ ਸਮਾਜ ਤੇ ਦਰਸ਼ਕ ਹਮੇਸ਼ਾ ਬਦਲਦੇ ਰਹਿੰਦੇ ਹਨ। ਉਹ ਕਿਸੇ ਵੇਲੇ ਵੀ ਸਥਿਰ ਨਹੀਂ ਹੁੰਦੇ, ਬਦਲਦੇ ਰਹਿੰਦੇ ਹਨ। ਆਮਿਰ ਨੇ ਕਿਹਾ, ‘‘ਇਹ ਇਕ ਪ੍ਰਕਿਰਿਆ ਹੈ। ਅਸੀਂ ਦਰਸ਼ਕਾਂ ਦੇ ਨਾਲ ਵਧਦੇ ਰਹਿਣਾ ਹੈ ਤੇ ਦਰਸ਼ਕਾਂ ਨੇ ਸਾਡੇ ਨਾਲ ਵਧਦੇ ਰਹਿਣਾ ਹੈ।’’

ਆਮਿਰ ਦੀ ਗੱਲ ਕਰੀਏ ਤਾਂ 2022 ’ਚ ਉਨ੍ਹਾਂ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਫਲਾਪ ਹੋਣ ਤੋਂ ਬਾਅਦ ਉਨ੍ਹਾਂ ਨੇ ਕੁਝ ਸਮੇਂ ਲਈ ਅਦਾਕਾਰੀ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਨ੍ਹੀਂ ਦਿਨੀਂ ਉਹ ਨਿਰਮਾਤਾ ਦੇ ਤੌਰ ’ਤੇ ਜ਼ਿਆਦਾ ਸਰਗਰਮ ਰਹਿਣਗੇ। ਆਮਿਰ ਨੇ ਆਪਣੀ ਮੁੱਖ ਭੂਮਿਕਾ ਵਾਲੀ ਕਿਸੇ ਫ਼ਿਲਮ ਦਾ ਐਲਾਨ ਨਹੀਂ ਕੀਤਾ ਹੈ ਪਰ ‘ਲਾਪਤਾ ਲੇਡੀਜ਼’ ਤੋਂ ਇਲਾਵਾ ਉਹ ਸੰਨੀ ਦਿਓਲ ਸਟਾਰਰ ‘ਲਾਹੌਰ 1947’ ਵੀ ਪ੍ਰੋਡਿਊਸ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News