ਯੂ. ਕੇ. ’ਚ ਭਾਰਤੀ ਖਾਣਾ ਖਾਣ ਮਗਰੋਂ ਮਸ਼ਹੂਰ ਅਦਾਕਾਰ ਜੌਨੀ ਡੈੱਪ ਨੇ ਦਿੱਤੀ 49 ਲੱਖ ਰੁਪਏ ਦੀ ਟਿਪ
Tuesday, Jun 07, 2022 - 12:07 PM (IST)
ਬਰਮਿੰਘਮ (ਬਿਊਰੋ)– ਹਾਲ ਹੀ ’ਚ ਜੌਨੀ ਡੈੱਪ ਤੇ ਅੰਬਰ ਹਰਡ ਦਾ ਮਾਨਹਾਨੀ ਕੇਸ ਖ਼ਤਮ ਹੋਇਆ ਹੈ। 6 ਹਫ਼ਤੇ ਲੰਮੇ ਚੱਲੇ ਇਸ ਕੇਸ ਦੀ ਫੇਅਰਫੈਕਸ, ਵਰਜੀਨੀਆ ਵਿਖੇ ਸੁਣਵਾਈ ਹੋਈ। ਜੌਨੀ ਡੈੱਪ 50 ਮਿਲੀਅਨ ਡਾਲਰ ਦਾ ਮਾਨਹਾਨੀ ਮੁਕੱਦਮਾ ਜਿੱਤੇ ਹਨ। ਇਸ ਤੋਂ ਬਾਅਦ ਜੌਨੀ ਨੂੰ ਗਿਟਾਰਿਸਟ ਜੈੱਫ ਬੇਕ ਨਾਲ ਯੂ. ਕੇ. ਦੀਆਂ ਵੱਖ-ਵੱਖ ਥਾਵਾਂ ’ਤੇ ਦੇਖਿਆ ਗਿਆ।
ਇਕ ਕਰੀ ਹਾਊਸ ਬਰਮਿੰਘਮ ਵਿਖੇ ਦੋਵਾਂ ਨੇ ਡਿਨਰ ਕੀਤਾ ਤੇ ਟਿਪ ਦੌਰਾਨ 49 ਲੱਖ ਰੁਪਏ ਉਡਾ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਨੇ ਕਰੀ ਲਈ ਹਜ਼ਾਰਾਂ ਰੁਪਏ ਦੇ ਦਿੱਤੇ ਤੇ ਟਿਪ ਦੌਰਾਨ ਵੇਟਰ ਨੂੰ ਮੋਟੀ ਟਿਪ ਦਿੱਤੀ। ਜੌਨੀ ਤੇ ਜੈੱਫ ਨੇ ਭਾਰਤੀ ਰੈਸਟੋਰੈਂਟ ’ਚ ਭਾਰਤੀ ਖਾਣੇ, ਕੋਕਟੇਲ ਤੇ ਰੋਜ਼ ਸ਼ੈਂਪੇਨ ਦਾ ਸੁਆਦ ਚਖਿਆ।
ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਦਾਖ਼ਲ ਹੋਣ ਦੀਆਂ ਅਫਵਾਹਾਂ ’ਤੇ ਬੋਲੇ ਧਰਮਿੰਦਰ, ਕਿਹਾ– ‘ਮੈਂ ਚੁੱਪ ਹਾ, ਬੀਮਾਰ ਨਹੀਂ...’
ਬਰਮਿੰਘਮ ਦੇ ‘ਵਾਰਾਣਸੀ ਰੈਸਟੋਰੈਂਟ’ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੌਨੀ ਤੇ ਜੈੱਫ ਦੀ ਮਹਿਮਾਨ ਨਵਾਜ਼ੀ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਜ਼ਿੰਦਗੀ ’ਚ ਇਕ ਵਾਰ ਹੋਣ ਵਾਲਾ ਤਜਰਬਾ ਹੁੰਦਾ ਹੈ। ਵਾਰਾਣਸੀ ਰੈਸਟੋਰੈਂਟ ਦੇ ਮੁਹੰਮਦ ਹੁਸੈਨ ਨੇ ਕਿਹਾ, ‘‘ਜੌਨੀ ਡੈੱਪ ਤੇ ਉਨ੍ਹਾਂ ਦੀ ਟੀਮ ਨੇ ਖਾਣੇ ਨੂੰ ਬੇਹੱਦ ਪਸੰਦ ਕੀਤਾ। ਉਨ੍ਹਾਂ ਨੇ ਸਾਡੀ ਕੰਪਨੀ ਦਾ ਆਨੰਦ ਮਾਣਿਆ। ਇਸ ਦੇ ਨਾਲ ਹੀ ਉਹ ਹੋਟਲ ਲਈ ਸਾਡਾ ਖਾਣਾ ਪੈਕ ਕਰਵਾ ਕੇ ਵੀ ਲੈ ਕੇ ਗਏ।’’
ਉਨ੍ਹਾਂ ਅੱਗੇ ਕਿਹਾ, ‘‘ਜੌਨੀ ਨੇ ਹੋਟਲ ਦੇ ਸਟਾਫ ਨਾਲ ਤਸਵੀਰਾਂ ਵੀ ਖਿੱਚਵਾਈਆਂ ਤੇ ਮਸਤੀ ਵੀ ਖ਼ੂਬ ਕੀਤੀ। ਉਹ ਬਹੁਤ ਨਰਮ ਸੀ ਤੇ ਸਾਰਿਆਂ ਨਾਲ ਬਹੁਤ ਹੀ ਪਿਆਰ ਨਾਲ ਪੇਸ਼ ਆ ਰਿਹਾ ਸੀ। ਉਹ ਮੇਰੀਆਂ ਧੀਆਂ ਨਾਲ ਵੀ ਮਿਲਿਆ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।