ਸਹੁਰੇ ਪਰਿਵਾਰ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ

Tuesday, Dec 10, 2019 - 10:40 PM (IST)

ਸਹੁਰੇ ਪਰਿਵਾਰ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ

ਜਲੰਧਰ, (ਸ਼ੋਰੀ, ਦਿਲਬਾਗੀ, ਰਣਦੀਪ)— ਪ੍ਰੇਮ ਪ੍ਰਸੰਗਾਂ ਤੋਂ ਬਾਅਦ ਵਿਆਹ ਕਰਵਾਉਣਾ ਆਦਮਪੁਰ ਦੇ ਮੁਹੱਲਾ ਗਾਜ਼ੀਪੁਰ ਵਾਸੀ ਇਕ ਨੌਜਵਾਨ ਨੂੰ ਮਹਿੰਗਾ ਪੈ ਗਿਆ। ਲੜਕੀ ਦੇ ਪਿਤਾ ਜੋ ਕਿ ਪੰਜਾਬ ਪੁਲਸ 'ਚ ਇੰਸਪੈਕਟਰ ਹਨ ਤੇ ਆਪਣੀਆਂ ਭੂਆ ਵਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਤੋਂ ਦੁਖੀ ਨੌਜਵਾਨ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਉਸਨੂੰ ਪਰਿਵਾਰ ਵਾਲਿਆਂ ਨੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਪਰ ਉਸ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਆਇਆ। ਦੇਰ ਸ਼ਾਮ ਉਸਨੂੰ ਸਿਵਲ ਹਸਪਤਾਲ ਰੈਫਰ ਕੀਤਾ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਅਮਨਦੀਪ ਸਿੰਘ (32) ਪੁੱਤਰ ਅਵਤਾਰ ਸਿੰਘ ਉਰਫ ਕਾਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਥਾਣਾ ਆਦਮਪੁਰ ਦੀ ਪੁਲਸ ਨੇ ਮੋਰਚਰੀ 'ਚ ਰਖਵਾ ਦਿੱਤਾ ਹੈ। ਸੂਚਨਾ ਮਿਲਣ 'ਤੇ ਥਾਣਾ ਆਦਮਪੁਰ ਦੇ ਐੱਸ. ਐੱਚ. ਓ. ਨਰੇਸ਼ ਕੁਮਾਰ ਜੋਸ਼ੀ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

PunjabKesari
ਪੀੜਤ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਅਮਨਦੀਪ ਸਿੰਘ ਦਾ ਪਹਿਲੀ ਪਤਨੀ ਨਾਲ ਕਿਸੇ ਗੱਲੋਂ ਅਣਬਣ ਹੋਣ 'ਤੇ ਤਲਾਕ ਹੋ ਗਿਆ। ਉਸ ਤੋਂ ਬਾਅਦ ਹੁਸ਼ਿਆਰਪੁਰ ਦੀ ਰਹਿਣ ਵਾਲੀ ਸਪਨਾ ਨਾਲ 6 ਮਹੀਨੇ ਪਹਿਲਾਂ ਲਵ ਮੈਰਿਜ਼ ਹੋਈ ਸੀ। ਸਪਨਾ ਦਾ ਪਿਤਾ ਪੰਜਾਬ ਪੁਲਸ 'ਚ ਇੰਸਪੈਕਟਰ ਰੈਂਕ 'ਤੇ ਹੈ ਤੇ ਹੁਸ਼ਿਆਰਪੁਰ 'ਚ ਹੀ ਵਿਜੀਲੈਂਸ 'ਚ ਤਾਇਨਾਤ ਹੈ। ਵਿਆਹ ਤੋਂ ਬਾਅਦ ਹੀ ਉਸ ਦੀ ਭੈਣ ਬਲਵਿੰਦਰ ਕੌਰ ਉਰਫ ਤੋਸ਼ੀ ਪਤਨੀ ਮਲਕੀਤ ਸਿੰਘ ਵਾਸੀ ਰਾਮਾ ਮੰਡੀ, ਨੀਲਮ ਪਤਨੀ ਦੀਪਕ ਵਾਸੀ ਪਿੰਡ ਮੰਡੇਰ ਆਦਮਪੁਰ ਉਸ ਦੇ ਬੇਟੇ 'ਤੇ ਝੂਠੇ ਦੋਸ਼ ਲਾ ਕੇ ਘਰ ਤੋੜਨ ਦੀਆਂ ਸਾਜ਼ਿਸ਼ਾਂ ਕਰਨ ਲੱਗੇ। ਉਨ੍ਹਾਂ ਦੀ ਨੂੰਹ ਸਪਨਾ ਹੀ ਪਿੰਡ ਨਾਜਕੇ ਵਾਸੀ ਨੌਜਵਾਨ ਜੋ ਕਿ ਇਟਲੀ ਤੋਂ ਆਇਆ ਹੈ, ਨਾਲ ਲਗਾਤਾਰ ਵ੍ਹਟਸਐਪ 'ਤੇ ਗੱਲਾਂ ਕਰਨ ਲੱਗੀ ਤੇ ਉਸ ਨਾਲ ਫ੍ਰੈਂਡਸ਼ਿਪ ਕਰ ਲਈ। ਇਸ ਗੱਲ ਨੂੰ ਲੈ ਕੇ ਅਮਨਦੀਪ ਦਾ ਸਪਨਾ ਨਾਲ ਕਈ ਵਾਰ ਵਿਵਾਦ ਵੀ ਹੋਇਆ।
ਪੀੜਤ ਅਵਤਾਰ ਸਿੰਘ ਨੇ ਦੱਸਿਆ ਕਿ 7 ਦਸੰਬਰ ਨੂੰ ਸਪਨਾ ਦਾ ਪਿਤਾ ਹਰਬੰਸ ਲਾਲ ਖੰਨਾ ਆਪਣੇ ਪਰਿਵਾਰ ਵਾਲਿਆਂ ਨਾਲ ਘਰ ਆਇਆ ਤੇ ਜ਼ਬਰਦਸਤੀ ਸਪਨਾ ਨੂੰ ਨਾਲ ਲੈ ਗਿਆ ਤੇ ਨਾਲ ਹੀ ਸਾਰੇ ਕੱਪੜੇ ਤੇ ਗਹਿਣੇ ਵੀ ਲੈ ਗਿਆ। ਇਸ ਤੋਂ ਬਾਅਦ ਹਰਬੰਸ ਲਾਲ ਨੇ ਆਪਣੀ ਪੁਲਸੀਆ ਪਾਵਰ ਵਿਖਾ ਉਨ੍ਹਾਂ ਖਿਲਾਫ ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ 'ਚ ਸ਼ਿਕਾਇਤ ਦੇ ਦਿੱਤੀ। ਇਸ ਸਿਲਸਿਲੇ 'ਚ ਉਨ੍ਹਾਂ ਨੂੰ 9 ਦਸੰਬਰ ਨੂੰ ਥਾਣੇ ਬੁਲਾਇਆ ਗਿਆ ਪਰ ਹਰਬੰਸ ਲਾਲ ਖੰਨਾ ਨਹੀਂ ਆਇਆ। ਇਸ ਗੱਲ ਤੋਂ ਬੇਟਾ ਪ੍ਰੇਸ਼ਾਨ ਰਹਿਣ ਲੱਗਾ ਤੇ ਮੰਗਲਵਾਰ ਦੁਪਿਹਰ ਕਰੀਬ 1 ਵਜੇ ਉਸਨੇ ਘਰ 'ਚ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਉਨ੍ਹਾਂ ਦੇ ਲੜਕੇ ਨੇ ਸੁਸਾਈਡ ਨੋਟ ਵੀ ਲਿਖਿਆ, ਜਿਸ 'ਚ ਉਸਨੇ ਆਪਣੀ ਪਤਨੀ, ਸਹੁਰੇ ਤੇ ਆਪਣੀਆਂ ਭੂਆ ਦੇ ਨਾਲ-ਨਾਲ ਇਟਲੀ ਤੋਂ ਆਏ ਨੌਜਵਾਨ ਨੂੰ ਵੀ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ।
ਉਥੇ ਐੱਸ. ਐੱਚ. ਓ. ਨਰੇਸ਼ ਜੋਸ਼ੀ ਨੇ ਦੱਸਿਆ ਕਿ ਪੁਲਸ ਨੇ ਅਵਤਾਰ ਸਿੰਘ ਦੇ ਬਿਆਨਾਂ 'ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


author

KamalJeet Singh

Content Editor

Related News