ਪੁੱਤਰ ਨਾ ਹੋਣ ''ਤੇ ਸਹੁਰਾ ਪਰਿਵਾਰ ਕਰਦਾ ਸੀ ਕੁੱਟਮਾਰ, ਦੁਖੀ ਹੋ ਕੇ ਲਾਇਆ ਮੌਤ ਨੂੰ ਗਲੇ

10/10/2019 11:42:00 AM

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਸਦਰ ਦੀ ਪੁਲਸ ਨੇ ਬੀਤੇ ਦਿਨੀਂ ਸਹੁਰਿਆਂ ਦੇ ਤਾਹਨਿਆਂ-ਮਿਹਣਿਆਂ ਤੋਂ ਦੁਖੀ ਹੋ ਕੇ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਖੁਦਕੁਸ਼ੀ ਕਰਨ ਵਾਲੀ ਸਰਬਜੀਤ ਕੌਰ (35) ਵਾਸੀ ਬੰਜਰਬਾਗ ਦੇ ਮਾਮਲੇ 'ਚ ਸ਼ਿਕਾਇਤ ਦੇ ਆਧਾਰ 'ਤੇ ਸਹੁਰੇ ਪਰਿਵਾਰ ਨੂੰ ਨਾਮਜ਼ਦ ਕੀਤਾ ਹੈ। ਪੁਲਸ ਨੇ ਮ੍ਰਿਤਕਾ ਸਰਬਜੀਤ ਕੌਰ ਦੇ ਪਿਤਾ ਮਹਿੰਦਰ ਲਾਲ ਵਾਸੀ ਪਿੰਡ ਸਟਿਆਣਾ ਦੀ ਸ਼ਿਕਾਇਤ 'ਤੇ ਵਿਆਹੁਤਾ ਦੇ ਪਤੀ ਕੁਲਵੰਤ ਰਾਏ, ਦਿਓਰ ਰਾਕੇਸ਼ ਕੁਮਾਰ ਅਤੇ ਸੱਸ ਬਿਮਲਾ ਦੇਵੀ ਖਿਲਾਫ ਧਾਰਾ 306 ਅਤੇ 34 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨ ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

ਬੇਟਾ ਨਾ ਹੋਣ 'ਤੇ ਸਹੁਰੇ ਕਰਦੇ ਸਨ ਕੁੱਟਮਾਰ
ਸਿਵਲ ਹਸਪਤਾਲ 'ਚ ਮ੍ਰਿਤਕਾ ਦੇ ਪਿਤਾ ਅਤੇ ਪੇਕੇ ਪਰਿਵਾਰ ਨੇ ਦੱਸਿਆ ਕਿ ਕੁਲਵੰਤ ਰਾਏ ਦੀ ਪਹਿਲੀ ਪਤਨੀ ਤੋਂ ਵੀ ਇਕ ਬੇਟੀ ਹੈ। ਕਰੀਬ 7 ਸਾਲ ਪਹਿਲਾਂ ਸਰਬਜੀਤ ਕੌਰ ਦਾ ਵਿਆਹ ਕੁਲਵੰਤ ਰਾਏ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਸਰਬਜੀਤ ਕੌਰ ਨੇ 3 ਬੇਟੀਆਂ ਨੂੰ ਜਨਮ ਦਿੱਤਾ, ਜਿਸ ਕਾਰਨ ਸਰਬਜੀਤ ਦਾ ਸਹੁਰਾ ਪਰਿਵਾਰ ਨਾ ਸਿਰਫ ਤਾਹਨੇ-ਮਿਹਣੇ ਦਿੰਦਾ ਸੀ, ਸਗੋਂ ਉਸ ਨਾਲ ਕੁੱਟਮਾਰ ਵੀ ਕਰਦਾ ਸੀ, ਜਿਸ ਤੋਂ ਦੁਖੀ ਹੋ ਕੇ ਸਰਬਜੀਤ ਨੇ ਬੀਤੇ ਦਿਨੀਂ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਖੁਦਕੁਸ਼ੀ ਕਰ ਲਈ।

ਸੱਸ ਪਹੁੰਚੀ ਜੇਲ, ਪਤੀ ਅਤੇ ਦਿਓਰ ਫਰਾਰ
ਥਾਣਾ ਸਦਰ 'ਚ ਤਾਇਨਾਤ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਪੁਲਸ ਨੇ ਮ੍ਰਿਤਕਾ ਦੀ ਸੱਸ ਬਿਮਲਾ ਦੇਵੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸ ਦਾ ਪਤੀ ਕੁਲਵੰਤ ਰਾਏ ਅਤੇ ਦਿਓਰ ਰਾਕੇਸ਼ ਕੁਮਾਰ ਮੌਕੇ ਤੋਂ ਫਰਾਰ ਹੋ ਗਏ। ਬਿਮਲਾ ਦੇਵੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਮਾਣਯੋਗ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਕੇਂਦਰੀ ਜੇਲ ਭੇਜ ਦਿੱਤਾ। ਪੁਲਸ ਫਰਾਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ।


shivani attri

Content Editor

Related News