ਭੂਰ ਮੰਡੀ ਨੇੜੇ ਦਿੱਤੇ ਗਏ ਹਾਈਵੇਅ ਲਈ ਕੱਟ ਤੋਂ ਨਿਕਲੇ 2 ਇੰਚ ਲੰਬੇ ਕਿੱਲ

01/25/2020 3:02:19 PM

ਜਲੰਧਰ (ਵਰੁਣ)— ਭੂਰ ਮੰਡੀ ਬਾਹਰ ਸਰਵਿਸ ਲੇਨ ਤੋਂ ਹਾਈਵੇਅ ਲਈ ਦਿੱਤੇ ਕੱਟ ਤੋਂ ਮਿੱਟੀ ਹਟਾਉਣ ਤੋਂ ਬਾਅਦ 2-2 ਇੰਚ ਦੇ ਕਿੱਲ ਬਾਹਰ ਕੱਢੇ ਗਏ। ਕਿੱਲਾਂ ਕਾਰਨ ਕਈ ਵਾਹਨਾਂ ਦੇ ਟਾਇਰਾਂ ਨੂੰ ਨੁਕਸਾਨ ਵੀ ਪਹੁੰਚਿਆ। ਹਾਲਾਂਕਿ ਇਸ ਕਾਰਨ ਕੋਈ ਹਾਦਸਾ ਨਹੀਂ ਹੋਇਆ ਪਰ ਕਿੱਲਾਂ ਕਾਰਨ ਜੇਕਰ ਗੱਡੀਆਂ ਦੇ ਟਾਇਰ ਫਟਦੇ ਜਾਂ ਪੈਂਚਰ ਹੁੰਦੇ ਤਾਂ ਹਾਦਸੇ ਹੋ ਸਕਦੇ ਸਨ।
ਜ਼ਿਕਰਯੋਗ ਹੈ ਕਿ ਹਾਦਸਾ ਹੋਣ ਤੋਂ ਪਹਿਲਾਂ ਹੀ ਪੈਟਰੋਲਿੰਗ ਕਰ ਰਹੀ ਟਰੈਫਿਕ ਪੁਲਸ ਦੀ ਉਨ੍ਹਾਂ ਕਿੱਲਾਂ 'ਤੇ ਨਜ਼ਰ ਪੈ ਗਈ ਅਤੇ ਪੁਲਸ ਨੇ ਤੁਰੰਤ ਉਸ ਜਗ੍ਹਾ ਤੋਂ ਕਿੱਲਾਂ ਨੂੰ ਉਖਾੜ ਦਿੱਤਾ। ਦੋ ਦਿਨ ਪਹਿਲਾਂ ਹੀ ਟਰੈਫਿਕ ਪੁਲਸ ਨੇ ਭੂਰ ਮੰਡੀ ਬਾਹਰ ਅਤੇ ਪੀ. ਏ. ਪੀ. ਫਲਾਈਓਵਰ ਤੋਂ 200 ਮੀਟਰ ਦੂਰ ਸਰਵਿਸ ਲੇਨ ਤੋਂ ਕੱਟ ਦੇ ਕੇ ਫਗਵਾੜਾ ਵੱਲ ਜਾਣ ਵਾਲੇ ਟਰੈਫਿਕ ਨੂੰ ਹਾਈਵੇਅ ਲਈ ਰਾਹ ਦਿੱਤਾ ਸੀ।

ਸਰਵਿਸ ਲੇਨ ਤੋਂ ਇਸ ਕੱਟ ਤੋਂ ਬਾਅਦ ਟਰੈਫਿਕ ਜਾਮ ਲੱਗਣਾ ਕਾਫੀ ਘਟ ਗਿਆ ਸੀ ਪਰ ਸ਼ੁੱਕਰਵਾਰ ਨੂੰ ਪੈਟਰੋਲਿੰਗ ਕਰ ਰਹੇ ਟਰੈਫਿਕ ਪੁਲਸ ਦੇ ਇੰਸਪੈਕਟਰ ਰਮੇਸ਼ ਲਾਲ ਜਦੋਂ ਭੂਰ ਮੰਡੀ ਦੇ ਬਾਹਰੋਂ ਨਿਕਲ ਰਹੇ ਸਨ ਤਾਂ ਉਨ੍ਹਾਂ ਦੀ ਕਿੱਲਾਂ 'ਤੇ ਨਜ਼ਰ ਪਈ। ਉਨ੍ਹਾਂ ਨੇ ਤੁਰੰਤ ਆਪਣੀ ਟੀਮ ਨੂੰ ਉਨ੍ਹਾਂ ਕਿੱਲਾਂ ਕੋਲ ਖੜ੍ਹੇ ਕਰਵਾ ਕੇ ਟਰੈਫਿਕ ਨੂੰ ਸਾਈਡ ਤੋਂ ਕਢਵਾਉਣਾ ਸ਼ੁਰੂ ਕਰ ਦਿੱਤਾ ਅਤੇ ਮਜ਼ਦੂਰ ਸੱਦ ਕੇ ਉਥੋਂ ਕਿੱਲਾਂ ਨੂੰ ਕੱਢ ਕੇ ਦੋਬਾਰਾ ਮਿੱਟੀ ਪਾ ਕੇ ਕੱਟ ਨੂੰ ਬਰਾਬਰ ਕਰ ਦਿੱਤਾ। ਦਰਅਸਲ ਜਿਸ ਜਗ੍ਹਾ 'ਤੇ ਮਿੱਟੀ ਪਾ ਕੇ ਕੱਟ ਦਿੱਤਾ ਗਿਆ ਹੈ, ਉਥੇ ਪਹਿਲਾਂ ਡਰੇਨ ਹੋਇਆ ਕਰਦੀ ਸੀ ਅਤੇ ਉਹ ਕਿੱਲ ਡਰੇਨ ਬਣਾਉਣ ਲਈ ਲਗਾਏ ਗਏ ਸਨ। ਜੇਕਰ ਸਮੇਂ 'ਤੇ ਟਰੈਫਿਕ ਪੁਲਸ ਦੀ ਇਨ੍ਹਾਂ ਕਿੱਲਾਂ 'ਤੇ ਨਜ਼ਰ ਨਾ ਪੈਂਦੀ ਤਾਂ ਸਰਵਿਸ ਲੇਨ ਤੋਂ ਹਾਈਵੇ 'ਤੇ ਜਾਣ ਵਾਲੇ ਵਾਹਨ ਹਾਦਸੇ ਦਾ ਸ਼ਿਕਾਰ ਹੋ ਸਕਦੇ ਸਨ ।


shivani attri

Content Editor

Related News