ਚੋਰਾਂ ਨੇ ਇਕੋ ਰਾਤ ਚਾਰ ਘਰਾਂ ਨੂੰ ਬਣਾਇਆ ਨਿਸ਼ਾਨਾ, 16 ਹਜ਼ਾਰ ਦੀ ਨਕਦੀ, ਗੈਸ ਸਿਲੰਡਰ ਤੇ 3 ਮੋਬਾਈਲ ਚੋਰੀ
Sunday, Feb 04, 2024 - 05:28 PM (IST)
ਕਪੂਰਥਲਾ (ਮਹਾਜਨ)- ਪਿੰਡ ਖੱਸਣ ’ਚ ਇਕੋ ਰਾਤ ਚੋਰਾਂ ਨੇ ਚਾਰ ਘਰਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਦੌਰਾਨ ਚੋਰਾਂ ਨੇ ਵੱਖ-ਵੱਖ ਘਰਾਂ ’ਚ ਦਾਖਲ ਹੋ ਕੇ ਕਰੀਬ 16 ਹਜ਼ਾਰ ਰੁਪਏ ਦੀ ਨਕਦੀ, ਇਕ ਗੈਸ ਸਿਲੰਡਰ ਅਤੇ 3 ਮੋਬਾਈਲ ਚੋਰੀ ਕਰ ਲਏ। ਚੋਰੀ ਦੀਆਂ ਵਾਰਦਾਤਾਂ ਬਾਰੇ ਲੋਕਾਂ ਨੂੰ ਸਵੇਰੇ ਉੱਠਣ ’ਤੇ ਪਤਾ ਲੱਗਾ। ਲੋਕਾਂ ਨੇ ਇਸ ਦੀ ਸ਼ਿਕਾਇਤ ਥਾਣਾ ਭੁਲੱਥ ਵਿਖੇ ਕੀਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਚਰਨਜੀਤ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਪਿੰਡ ਖੱਸਣ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 31 ਜਨਵਰੀ ਅਤੇ 1 ਫਰਵਰੀ ਦੀ ਦਰਮਿਆਨੀ ਰਾਤ ਨੂੰ ਉਹ ਅਤੇ ਉਸ ਦਾ ਪਤੀ ਇੰਦਰਜੀਤ ਸਿੰਘ ਦੇ ਇਕ ਕਮਰੇ ’ਚ ਸੁੱਤੇ ਪਏ ਸਨ। ਇਸ ਦੌਰਾਨ ਦੇਰ ਰਾਤ ਚੋਰਾਂ ਨੇ ਕੰਧ ਟੱਪ ਕੇ ਘਰ ’ਚ ਦਾਖਲ ਹੋ ਕੇ ਕਮਰੇ ਦੀ ਅਲਮਾਰੀ ’ਚੋਂ 10 ਹਜ਼ਾਰ ਰੁਪਏ ਦੀ ਨਕਦੀ ਅਤੇ ਦੋ ਮੋਬਾਈਲ ਚੋਰੀ ਕਰ ਲਏ ਅਤੇ ਫਰਾਰ ਹੋ ਗਏ | ਚੋਰੀ ਦਾ ਪਤਾ ਉਸ ਨੂੰ ਸਵੇਰੇ ਜਾਗਦਿਆਂ ਹੀ ਲੱਗਾ। ਜਦੋਂ ਉਸ ਨੇ ਚੋਰੀ ਸਬੰਧੀ ਆਪਣੇ ਗੁਆਂਢੀਆਂ ਨੂੰ ਦੱਸਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੀਤੀ ਰਾਤ ਚੋਰਾਂ ਨੇ ਪਿੰਡ ਖਸਿਆਣਾ ਦੇ ਡਾ. ਪਰਮਜੀਤ ਸਿੰਘ ਮੈਂਬਰ ਪੰਚਾਇਤ ਦੇ ਘਰੋਂ 4 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਇਸ ਤੋਂ ਇਲਾਵਾ ਚੋਰਾਂ ਨੇ ਬਲਵਿੰਦਰ ਸਿੰਘ ਵਾਸੀ ਸਿਮਰਜੀਤ ਕੌਰ ਦੇ ਘਰੋਂ ਸਿਲੰਡਰ ਅਤੇ 2 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ । ਜਤਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਖਸਿਆਣਾ ਦੇ ਘਰੋਂ ਚੋਰ ਮੋਬਾਈਲ ਚੋਰੀ ਕਰ ਕੇ ਫ਼ਰਾਰ ਹੋ ਗਏ | ਪੁਲੀਸ ਨੇ ਉਪਰੋਕਤ ਮਾਮਲਿਆਂ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।