ਫਾਇਨਾਂਸ ਕੰਪਨੀ ਦੇ ਬਰਾਂਚ ਮੈਨੇਜਰ ਤੇ ਕੈਸ਼ੀਅਰ ’ਤੇ 3 ਲੱਖ ਤੋਂ ਵਧੇਰੇ ਦੀ ਚੋਰੀ ਕਰਨ ਦੇ ਦੋਸ਼

Wednesday, Dec 18, 2024 - 06:18 PM (IST)

ਫ਼ਰੀਦਕੋਟ (ਰਾਜਨ) : ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ਦੀ ਫ਼ਰੀਦਕੋਟ ਵਿਖੇ ਸਥਿਤ ਬਰਾਂਚ ਵਿਚੋਂ 3 ਲੱਖ 30 ਹਜ਼ਾਰ ਰੁਪਏ ਚੋਰੀ ਕਰਨ ਦੇ ਦੋਸ਼ ਤਹਿਤ ਫਾਇਨਾਂਸ ਕੰਪਨੀ ਦੇ ਬਰਾਂਚ ਮੈਨੇਜਰ ਗੁਰਚਰਨ ਸਿੰਘ ਵਾਸੀ ਪਿੰਡ ਮੱਲਕੇ ਅਤੇ ਕੈਸ਼ੀਅਰ ਧਰਮਪ੍ਰੀਤ ਸਿੰਘ ਵਾਸੀ ਅਰਨੀਵਾਲ ’ਤੇ ਸਥਾਨਕ ਥਾਣਾ ਸਿਟੀ ਵਿਖੇ ਬਰਾਂਚ ਦੇ ਯੂਨਿਟ ਮੈਨੇਜਰ ਗੁਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਯੂਨਿਟ ਮੈਨੇਜਰ ਗੁਰਵਿੰਦਰ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਪ੍ਰਾਈਵੇਟ ਫਾਇਨਾਂਸ ਕੰਪਨੀ ਗਰੁੱਪ ਲੋਨ ਦਿੰਦੀ ਹੈ ਜਿਸ ਵਿਚ ਉਕਤ ਦੋਵੇਂ ਕੰਮ ਕਰਦੇ ਹਨ ਅਤੇ ਇਹ ਦੋਵੇਂ ਰਾਤ ਸਮੇਂ ਬਰਾਂਚ ਵਿਚ ਹੀ ਸੌਂਦੇ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋ ਦਿਨ ਦੀ ਛੁੱਟੀ ਹੋਣ ਕਰਕੇ 13 ਦਸੰਬਰ ਨੂੰ ਬਰਾਂਚ ਨੂੰ ਤਾਲਾ ਲਗਾ ਕੇ ਉਹ ਚਲਾ ਗਿਆ ਅਤੇ ਜਦੋਂ 16 ਦਸੰਬਰ ਨੂੰ ਬਰਾਂਚ ਖੋਲ੍ਹੀ ਤਾਂ ਬਾਹਰਲੇ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਸੇਫ ਕੱਟ ਕੇ ਇਸ ਵਿਚ ਪਏ 3 ਲੱਖ 30 ਹਜ਼ਾਰ ਰੁਪਏ ਚੋਰੀ ਹੋ ਚੁੱਕੇ ਸਨ। ਯੂਨਿਟ ਮੈਨੇਜਰ ਅਨੁਸਾਰ ਜਦੋਂ ਉਸਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਚੋਰੀ ਉਕਤ ਦੋਵਾਂ ਕਰਮਚਾਰੀਆਂ ਨੇ ਕੀਤੀ ਹੈ। ਇਸ ਮਾਮਲੇ ਵਿਚ ਅਜੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।


Gurminder Singh

Content Editor

Related News