ਹੋਟਲ ਫਾਇਰਿੰਗ ਮਾਮਲੇ ’ਚ 5 ਨਾਮਜ਼ਦ, 3 ਗ੍ਰਿਫ਼ਤਾਰ
Monday, Dec 23, 2024 - 11:03 AM (IST)

ਬਠਿੰਡਾ (ਸੁਖਵਿੰਦਰ) : ਹਾਲ ਹੀ ’ਚ ਇਕ ਹੋਟਲ ਵਿਖੇ ਹੋਈ ਗੋਲੀਬਾਰੀ ਦੇ ਦੋਸ਼ ’ਚ ਥਾਣਾ ਕੋਤਵਾਲੀ ਪੁਲਸ ਨੇ ਇਕ ਕੁੜੀ ਸਮੇਤ 5 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਗਿੱਦੜਬਾਹਾ ਦੇ ਕੁੱਝ ਨੌਜਵਾਨਾਂ ਵੱਲੋਂ ਹੋਟਲ ’ਚ ਪਾਰਟੀ ਰੱਖੀ ਸੀ। ਇਸ ਦੌਰਾਨ ਹੋਟਲ ਮਾਲਕ ਗੁਰਚਰਨ ਸਿੰਘ ਅਤੇ ਬਲਵਿੰਦਰ ਸਿੰਘ ਤੋਂ ਕੁੜੀ ਦੀ ਮੰਗ ਕੀਤੀ ਗਈ। ਹੋਟਲ ਸੰਚਾਲਕਾਂ ਨੇ ਇਕ ਕੁੜੀ ਰਵਨੀਜ਼ ਕੌਰ ਨੂੰ ਬੁਲਾਇਆ। ਇਸ ਕੁੜੀ ਦਾ ਇਕ ਦੋਸਤ ਕਨਵ ਵਧਵਾ ਵੀ ਉਸ ਸਮੇਂ ਹੋਟਲ ’ਚ ਮੌਜੂਦ ਸੀ ਅਤੇ ਉਸ ਦਾ ਉਕਤ ਨੌਜਵਾਨ ਨਾਲ ਕੁੜੀ ਨੂੰ ਲੈ ਕੇ ਝਗੜਾ ਹੋ ਗਿਆ ਸੀ।
ਇਸ ਦੌਰਾਨ ਉੱਥੇ ਮੌਜੂਦ ਕਨਵ ਵਧਵਾ ਦੇ ਦੋਸਤ ਸਾਹਿਲ ਕੁਮਾਰ ਨੇ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਫਾਇਰ ਕਰ ਦਿੱਤਾ, ਜਿਸ ਕਾਰਨ ਕੁਝ ਵਿਅਕਤੀ ਜ਼ਖਮੀ ਹੋ ਗਏ। ਉਸ ਨੇ ਦੱਸਿਆ ਕਿ ਮੁਲਜ਼ਮ ਬਲਵਿੰਦਰ ਸਿੰਘ ਅਤੇ ਗੁਰਚਰਨ ਸਿੰਘ ਕੁੜੀਆਂ ਨੂੰ ਹੋਟਲ ’ਚ ਬੁਲਾ ਕੇ ਕਾਰੋਬਾਰ ਕਰਵਾਉਂਦੇ ਸਨ। ਜਿਸ ਕਾਰਨ ਪੁਲਸ ਨੇ ਸਾਰੇ ਮੁਲਜ਼ਮਾਂ ਸਾਹਿਲ ਕੁਮਾਰ, ਕਨਵ ਵਧਵਾ ਵਾਸੀ ਬਠਿੰਡਾ, ਗੁਰਚਰਨ ਸਿੰਘ ਵਾਸੀ ਕੋਟਭਾਈ, ਬਲਵਿੰਦਰ ਸਿੰਘ ਵਾਸੀ ਰਾਮਪੁਰਾ ਅਤੇ ਰਵਨੀਤ ਕੌਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਸਾਹਿਲ, ਕਨਵ ਅਤੇ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹੋਰਾਂ ਦੀ ਭਾਲ ਜਾਰੀ ਹੈ।