ਸੁਰੱਖਿਆ ਗਾਰਡ ਦੀ ਰਾਈਫਲ ਅਤੇ ਕਾਰਤੂਸ ਲਿਜਾਣ ਵਾਲੇ 3 ਅਣਪਛਾਤੇ ਨਾਮਜ਼ਦ
Saturday, Dec 14, 2024 - 11:33 AM (IST)
ਬਠਿੰਡਾ (ਸੁਖਵਿੰਦਰ) : ਪਿੰਡ ਜੋਧਪੁਰ ਰੋਮਾਣਾ ਸਥਿਤ ਰਿਲਾਇੰਸ ਪੈਟਰੋਲ ਪੰਪ ਦੇ ਸੁਰੱਖਿਆ ਗਾਰਡ ਦੀ ਇਕ 12 ਬੋਰ ਰਾਈਫਲ, 5 ਜ਼ਿੰਦਾ ਕਾਰਤੂਸ ਅਤੇ ਇਕ ਮੋਬਾਇਲ ਫੋਨ ਚਲਾਕੀ ਨਾਲ ਲਿਜਾਣ ਵਾਲੇ 3 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੰਪ ’ਤੇ ਨੌਕਰੀ ਕਰਦੇ ਸਕਿਓਰਿਟੀ ਗਾਰਡ ਬਲਤੀਤ ਸਿੰਘ ਵਾਸੀ ਭਾਈ ਬਖਤੌਰ ਨੇ ਸਦਰ ਬਠਿੰਡਾ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪਿੰਡ ਜੋਧਪੁਰ ਰੋਮਾਣਾ ਸਥਿਤ ਪੈਟਰੋਲ ਪੰਪ ’ਤੇ ਬਤੌਰ ਸੁਰੱਖਿਆ ਗਾਰਡ ਕੰਮ ਕਰਦਾ ਹੈ।
ਬੀਤੀ ਰਾਤ ਕਰੀਬ 2 ਵਜੇ ਉਹ ਪੰਪ ’ਚ ਬਣੇ ਕਮਰੇ ’ਚ ਸੌਂ ਰਿਹਾ ਸੀ। ਇਸ ਦੌਰਾਨ ਇਕ ਅਣਪਛਾਤਾ ਨੌਜਵਾਨ ਕਮਰੇ ’ਚ ਆਇਆ ਅਤੇ ਉਸ ਨੂੰ ਤੇਲ ਪਾਉਣ ਦੇ ਬਹਾਨੇ ਉਸ ਨੂੰ ਕਮਰੇ ’ਚੋਂ ਬਾਹਰ ਲੈ ਗਿਆ। ਜਿਸ ਤੋਂ ਬਾਅਦ ਉਸ ਦਾ ਹੋਰ ਸਾਥੀ ਉਸ ਦੀ ਗੈਰ ਹਾਜ਼ਰੀ ਵਿਚ ਕਮਰੇ ਵਿਚ ਦਾਖ਼ਲ ਹੋਇਆ ਅਤੇ ਉਸ ਦੀ 12 ਬੋਰ ਦੀ ਰਾਈਫਲ, 5 ਜ਼ਿੰਦਾ ਕਾਰਤੂਸ, ਇਕ ਮੋਬਾਇਲ ਫੋਨ ਅਤੇ ਬੈਗ ਚਲਾਕੀ ਨਾਲ ਚੁੱਕ ਕੇ ਲੈ ਗਿਆ। ਹਾਲਾਂਕਿ ਸੁਰੱਖਿਆ ਗਾਰਡ ਨੇ ਉਕਤ ਵਿਅਕਤੀਆਂ ਦਾ ਪਿੱਛਾ ਕੀਤਾ ਪਰ ਉਹ ਭੱਜਣ ਵਿਚ ਕਾਮਯਾਬ ਹੋ ਗਏ। ਸੁਰੱਖਿਆ ਗਾਰਡ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।