10 ਦਿਨਾਂ ਤੋਂ ਸੀ.ਡੀ. ਮਾਰਕੀਟ ’ਚ ਲੱਗੇ ਨੇ ਗੰਦਗੀ ਦੇ ਢੇਰ
Friday, Nov 16, 2018 - 02:32 AM (IST)

ਰੂਪਨਗਰ, (ਕੈਲਾਸ਼)- ਸ਼ਹਿਰ ’ਚ ਭਾਵੇਂ ਮਾੜੀ ਸਫਾਈ ਵਿਵਸਥਾ ਰੋਜ਼ਾਨਾ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀ ਹੈ ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਇਕ ਕੌਂਸਲਰ ਦੇ ਵਾਰ-ਵਾਰ ਕਹਿਣ ’ਤੇ ਵੀ ਪਿਛਲੇ 10 ਦਿਨਾਂ ਤੋਂ ਨਾਲੇ ਤੋਂ ਕੱਢਿਆ ਗਿਆ ਕੂਡ਼ਾ ਕਰਕਟ ਅਤੇ ਮਲਬਾ ਨਹੀਂ ਚੁੱਕਿਆ ਜਾ ਰਿਹਾ।
ਜਾਣਕਾਰੀ ਅਨੁਸਾਰ ਸਥਾਨਕ ਬੇਲਾ ਚੌਕ ਤੋਂ ਗੁਰਦੁਆਰਾ ਸਿੰਘ ਸਭਾ ਨੂੰ ਸੀ. ਡੀ. ਮਾਰਕੀਟ ਨੂੰ ਜਾਣ ਵਾਲੇ ਮਾਰਗ ਦੇ ਨਾਲ ਇਕ ਗੰਦਾ ਨਾਲਾ ਵਗਦਾ ਹੈ। ਬੀਤੇ ਸਾਲ ਵੀ ਨਾਲੇ ਦੀ ਸਫਾਈ ਵਿਵਸਥਾ ਠੀਕ ਨਾ ਹੋਣ ਕਾਰਨ ਨਾਲੇ ’ਚ ਇਕ ਵਿਅਕਤੀ ਦੇ ਡੁੱਬਣ ਨਾਲ ਮੌਤ ਹੋ ਜਾਣ ਦੇ ਕਾਰਨ ਸ਼ਹਿਰ ਨਿਵਾਸੀਆਂ ’ਚ ਲੰਬੇ ਸਮੇਂ ਤੱਕ ਦਹਿਸ਼ਤ ਬਣੀ ਰਹੀ। ਉਕਤ ਨਾਲੇ ਨੂੰ ਕਵਰ ਕਰਨ ਦੇ ਨਾਲ-ਨਾਲ ਨਾਲੇ ਦੀ ਸਫਾਈ ਦੀ ਮੰਗ ਨੇ ਜ਼ੋਰ ਫਡ਼ਿਆ, ਪਰ ਨਾਲੇ ਨੂੰ ਕਵਰ ਕਰਨ ਦੀ ਯੋਜਨਾ ਬਣਨ ਦੇ ਬਾਅਦ ਅੱਜ ਵੀ ਲਟਕੀ ਹੋਈ ਹੈ। ਦੂਜੇ ਪਾਸੇ 10-11 ਦਿਨ ਪਹਿਲਾਂ ਜੋ ਉਕਤ ਨਾਲੇ ਦੀ ਸਫਾਈ ਕਰਵਾਈ ਗਈ ਤੇ ਨਾਲੇ ਦੇ ਨਾਲ ਲੱਗੇ ਗੰਦਗੀ ਦੇ ਢੇਰ ਅੱਜ ਵੀ ਸੀ.ਡੀ. ਮਾਰਕੀਟ ਦੀ ਸਡ਼ਕ ’ਤੇ ਪਏ ਹਨ ਜਿਸ ਨਾਲ ਗੁਰਦੁਆਰਾ ਸਿੰਘ ਸਭਾ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਜਿੱਥੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਮਾਰਕੀਟ ਦੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਅੱਜ ਕੌਂਸਲਰ ਵਾਲੀਆ ਨੇ ਸੀ.ਡੀ. ਮਾਰਕੀਟ ਦੇ ਦੁਕਾਨਦਾਰ ਅਤੇ ਮੁਹੱਲਾ ਨਿਵਾਸੀਆਂ ਦੇ ਨਾਲ ਮਿਲ ਕੇ ਉਕਤ ਸਮੱਸਿਆ ਨੂੰ ਲੈ ਕੇ ਰੋਸ ਪ੍ਰਗਟ ਕੀਤਾ।
ਇਸ ਮੌਕੇ ਗੁਰਸੇਵਕ ਸਿੰਘ, ਸੋਨੂੰ ਬਹਿਲ, ਨਿਰਭੈਯਾ, ਸਤਨਾਮ ਸਿੰਘ, ਹਰਭਜਨ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਨਾਲੇ ਦੇ ਨਾਲ ਲੱਗੇ ਗੰਦਗੀ ਦੇ ਢੇਰ ਸ਼ੁੱਕਰਵਾਰ ਤੱਕ ਨਾ ਚੁੱਕੇ ਗਏ ਤਾਂ ਉਨ੍ਹਾਂ ਨੂੰ ਮਜਬੂਰਨ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜਗਾਉਣ ਲਈ ਬੇਲਾ ਚੌਕ ’ਚ ਧਰਨਾ ਅਤੇ ਜਾਮ ਲਾਉਣਾ ਪਵੇਗਾ।
ਕੀ ਕਹਿੰਦੇ ਨੇ ਨਗਰ ਕੌਂਸਲ ਪ੍ਰਧਾਨ
ਇਸ ਸਬੰਧ ’ਚ ਜਦੋਂ ਅੱਜ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕਡ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਈ.ਓ. ਮੋਹਿਤ ਸ਼ਰਮਾ ਨੂੰ ਉਕਤ ਸੀ.ਡੀ. ਮਾਰਕੀਟ ’ਚ ਲੱਗੇ ਗੰਦਗੀ ਦੇ ਢੇਰਾਂ ਨੂੰ ਚੁੱਕਣ ਦੇ ਨਿਰਦੇਸ਼ ਦੇ ਦਿੱਤੇ ਹਨ। ਪਰ ਦੂਜੇ ਪਾਸੇ ਕੌਂਸਲ ਦੇ ਈ.ਓ. ਅਤੇ ਸੈਨੇਟਰੀ ਇੰਸਪੈਕਟਰ ਦਿਆਲ ਸਿੰਘ ਨਾਲ ਫੋਨ ਕਰਨ ’ਤੇ ਵੀ ਸੰਪਰਕ ਨਹੀਂ ਹੋ ਸਕਿਆ।