ਪਤਨੀ ਨੂੰ ਪੇਕੇ ਛੱਡ ਪਤੀ ਨੇ ਲੈ ਲਿਆ ਫਾਹ
Saturday, Sep 22, 2018 - 06:48 AM (IST)

ਜਲੰਧਰ, (ਸੁਧੀਰ)- ਸਥਾਨਕ ਗਾਂਧੀ ਕੈਂਪ ਖੇਤਰ ’ਚ ਇਕ ਨੌਜਵਾਨ ਨੇ ਸ਼ੱਕੀ ਹਾਲਾਤ ’ਚ ਫਾਹ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਘਟਨਾ ਦੀ ਸੂਚਨਾ ਮਿਲਦਿਅਾਂ ਹੀ ਥਾਣਾ ਨੰਬਰ ਦੋ ਦੇ ਇੰਚਾਰਜ ਮਨਮੋਹਨ ਸਿੰਘ ਪੁਲਸ ਪਾਰਟੀ ਸਣੇ ਮੌਕੇ ’ਤੇ ਪੁੱਜੇ।
ਥਾਣਾ ਇੰਚਾਰਜ ਮਨਮੋਹਨ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਮ੍ਰਿਤਕ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਚੰਡੀਗੜ੍ਹ ਦੀ ਲੜਕੀ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਰਣਜੀਤ ਕਰੀਬ 2-3 ਦਿਨ ਪਹਿਲਾਂ ਹੀ ਆਪਣੀ ਪਤਨੀ ਨੂੰ ਚੰਡੀਗੜ੍ਹ ਪੇਕੇ ਛੱਡ ਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਪ੍ਰਾਈਵੇਟ ਫੈਕਟਰੀ ਵਿਚ ਕੰਮ ਕਰਦਾ ਸੀ।
ਮ੍ਰਿਤਕ ਦੇ ਪਿਤਾ ਮੰਗਲ ਦਾਸ ਨੇ ਦੱਸਿਆ ਕਿ ਅੱਜ ਸਵੇੇਰੇ ਉਨ੍ਹਾਂ ਦਾ ਬੇਟਾ ਉੱਠ ਕੇ ਸੈਰ ਕਰਨ ਲਈ ਗਿਆ ਕੁਝ ਸਮੇਂ ਬਾਅਦ ਉਹ ਵੀ ਕੰਮ ’ਤੇ ਚਲੇ ਗਏ। ਉਨ੍ਹਾਂ ਦੱਸਿਆ ਕਿ ਘਰ ਦੇ ਨਾਲ ਰਹਿਣ ਵਾਲੇ ਗੁਅਾਂਢੀਅਾਂ ਨੇ ਦੇਖਿਆ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਪੱਖੇ ਨਾਲ ਲਟਕ ਰਹੀ ਹੈ। ਸੂਚਨਾ ਮਿਲਣ ’ਤੇ ਉਹ ਮੌਕੇ ’ਤੇ ਪਹੁੰਚੇ। ਥਾਣਾ ਇੰਚਾਰਜ ਨੇ ਦੱਸਿਆ ਕਿ ਫਿਲਹਾਲ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਫਿਲਹਾਲ 174 ਦੇ ਤਹਿਤ ਕਾਰਵਾਈ ਕਰ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।