300 ਤੋਂ ਜ਼ਿਆਦਾ ਟਿਊਬਵੈੱਲਾਂ ਦੀ ਮੇਨਟੀਨੈਂਸ ਦੇ ਕੰਮ ਵਾਲਾ ਟੈਂਡਰ ਫਿਰ ਤੋਂ ਵਿਵਾਦਾਂ ’ਚ ਘਿਰਿਆ

08/12/2022 5:02:00 PM

ਜਲੰਧਰ (ਖੁਰਾਣਾ)–ਸ਼ਹਿਰ ਵਿਚ ਇਸ ਸਮੇਂ 550 ਤੋਂ ਵੱਧ ਟਿਊਬਵੈੱਲ ਲੱਗੇ ਹਨ, ਜਿਹੜੇ ਲੋਕਾਂ ਨੂੰ ਪਾਣੀ ਦੀ ਸਪਲਾਈ ਦੇ ਰਹੇ ਹਨ। ਉਨ੍ਹਾਂ ਦੀ ਮੇਨਟੀਨੈਂਸ ਲਈ ਨਗਰ ਨਿਗਮ ਹਰ ਸਾਲ ਕਰੋੜਾਂ ਰੁਪਏ ਦੇ ਟੈਂਡਰ ਅਲਾਟ ਕਰਦਾ ਹੈ। ਇਸ ਵਾਰ ਵੀ ਸ਼ਹਿਰ ਦੇ 330 ਤੋਂ ਵੱਧ ਟਿਊਬਵੈੱਲਾਂ ਵਾਸਤੇ 2 ਸਾਲ ਲਈ ਮੇਨਟੀਨੈਂਸ ਦਾ ਜਿਹੜਾ ਟੈਂਡਰ 4 ਕਰੋੜ ਰੁਪਏ ਤੋਂ ਵੱਧ ਦਾ ਤਿਆਰ ਕੀਤਾ ਗਿਆ ਹੈ, ਉਹ ਵਿਵਾਦਾਂ ਵਿਚ ਘਿਰਦਾ ਨਜ਼ਰ ਆ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਨਿਗਮ ਦਾ ਕੋਈ ਕਮਿਸ਼ਨਰ ਉਸ ਟੈਂਡਰ ਨੂੰ ਮਨਜ਼ੂਰੀ ਨਹੀਂ ਦੇ ਰਿਹਾ ਸੀ ਅਤੇ ਹੁਣ ਮੇਅਰ ਵੀ ਉਸ ਨੂੰ ਕਲੀਅਰ ਕਰਨ ਤੋਂ ਆਨਾਕਾਨੀ ਕਰ ਰਹੇ ਹਨ। ਫਿਲਹਾਲ ਇਹ ਟੈਂਡਰ ਫਾਈਨਾਂਸ ਐਂਡ ਕਾਂਟਰੈਕਟ ਕਮੇਟੀ ਦੇ ਏਜੰਡੇ ਵਿਚ ਹੈ, ਜਿਸ ਦੀਆਂ ਮੀਟਿੰਗਾਂ ਨੂੰ ਵਾਰ-ਵਾਰ ਰੱਦ ਕੀਤਾ ਜਾ ਰਿਹਾ ਹੈ।

ਇਸੇ ਕੰਮ ਨਾਲ ਜੁੜੇ ਦੂਜੇ ਠੇਕੇਦਾਰਾਂ ਨੇ ਇਸਦੀ ਸ਼ਿਕਾਇਤ ਉੱਪਰ ਤੱਕ ਕੀਤੀ ਹੈ ਅਤੇ ਹੁਣ ਮੇਅਰ ਤੇ ਕਮਿਸ਼ਨਰ ਨੂੰ ਮਿਲਣ ਦਾ ਪ੍ਰੋਗਰਾਮ ਵੀ ਬਣਾਇਆ ਗਿਆ ਹੈ। ਅਜਿਹੇ ਠੇਕੇਦਾਰਾਂ ਦਾ ਕਹਿਣਾ ਹੈ ਕਿ ਨਿਗਮ ਦੇ ਕੁਝ ਅਧਿਕਾਰੀਆਂ ਨੇ ਨਿਗਮ ਦੇ ਇਕ ਹੀ ਠੇਕੇਦਾਰ ਨੂੰ ਫਾਇਦਾ ਪਹੁੰਚਾਉਣ ਲਈ ਸ਼ਰਤਾਂ ਵਿਚ ਫੇਰਬਦਲ ਕੀਤਾ ਅਤੇ ਜਿਹੜੇ ਟਿਊਬਵੈੱਲ ਟਾਈਮਰ ’ਤੇ ਚੱਲ ਰਹੇ ਹਨ, ਉਨ੍ਹਾਂ ਨੂੰ ਚਲਾਉਣਾ ਬੰਦ ਕਰਨ ਲਈ ਵੀ ਸਕਿੱਲਡ ਲੇਬਰ ਦੇ ਕਰੋੜਾਂ ਰੁਪਏ ਟੈਂਡਰ ਵਿਚ ਪਾ ਦਿੱਤੇ ਗਏ।

ਹੁਣ ਦੇਖਣਾ ਹੈ ਕਿ ਸ਼ਿਕਾਇਤ ਤੋਂ ਬਾਅਦ ਇਸ ਟੈਂਡਰ ਦੀ ਜਾਂਚ ਵਿਚ ਕੀ ਨਿਕਲਦਾ ਹੈ ਪਰ ਇੰਨਾ ਜ਼ਰੂਰ ਹੈ ਕਿ ਨਿਗਮ ਪ੍ਰਸ਼ਾਸਨ ਅਤੇ ਮੇਅਰ ’ਤੇ ਇਹ ਦਬਾਅ ਪੈ ਰਿਹਾ ਹੈ ਕਿ ਟਿਊਬਵੈੱਲ ਨੂੰ ਚਲਾਉਣ ਅਤੇ ਬੰਦ ਕਰਨ ਅਤੇ ਮੇਨਟੀਨੈਂਸ ਕਰਨ ਦਾ ਕੰਮ ਬਹੁਤ ਸੰਵੇਦਨਸ਼ੀਲ ਤੇ ਜ਼ਰੂਰੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਲਟਕਾਇਆ ਨਹੀਂ ਜਾ ਸਕਦਾ। ਪਹਿਲਾਂ ਹੀ ਇਹ ਕੰਮ ਕਾਫੀ ਲੇਟ ਹੋ ਚੁੱਕਾ ਹੈ ਅਤੇ ਠੇਕੇਦਾਰ ਵੱਲੋਂ ਅੱਗੇ ਕੰਮ ਕਰਨ ਤੋਂ ਨਾਂਹ ਕੀਤੀ ਜਾ ਚੁੱਕੀ ਹੈ।


Manoj

Content Editor

Related News