'ਸੰਡੇ ਬਾਜ਼ਾਰ' 'ਚ ਤਹਿਬਾਜ਼ਾਰੀ ਵਿਭਾਗ ਦਾ ਚਲਿਆ ਡੰਡਾ (ਵੀਡੀਓ)

03/25/2019 6:05:43 PM

ਜਲੰਧਰ(ਸੋਨੂੰ,ਖੁਰਾਣਾ)— ਜਲੰਧਰ ਦੇ ਨਕੋਦਰ ਚੌਕ ਤੋਂ ਸ਼ੁਰੂ ਹੋ ਕੇ ਅੰਦਰੂਨੀ ਬਾਜ਼ਾਰਾਂ ਤੱਕ ਲੱਗਣ ਵਾਲੀਆਂ ਫੜੀਆਂ 'ਤੇ ਅੱਜ ਤਹਿਬਾਜ਼ਾਰੀ ਵਿਭਾਗ ਦਾ ਡੰਡਾ ਚਲਿਆ। ਦੱਸਣਯੋਗ ਹੈ ਕਿ ਸ਼ਹਿਰ ਵਿਚ ਮਹਾਰਿਸ਼ੀ ਵਾਲਮੀਕਿ ਚੌਕ ਦੇ ਆਲੇ ਦੁਆਲੇ ਅਤੇ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿਚ ਲੱਗਣ ਵਾਲੇ ਸੰਡੇ ਬਾਜ਼ਾਰ ਵਿਚੋਂ ਜਿੱਥੇ ਪੂਰੇ ਸ਼ਹਿਰ ਦਾ ਟ੍ਰੈਫਿਕ ਪ੍ਰਭਾਵਿਤ ਹੁੰਦਾ ਹੈ ਉਥੇ ਇਹ ਸੰਡੇ ਬਾਜ਼ਾਰ ਲੱਖਾਂ ਰੁਪਏ ਦੀ ਹਫਤਾ ਵਸੂਲੀ ਦਾ ਕੇਂਦਰ ਵੀ ਬਣਦਾ ਜਾ ਰਿਹਾ ਹੈ। ਹਰ ਹਫਤੇ ਇਸ ਸੰਡੇ ਬਾਜ਼ਾਰ ਤੋਂ ਦੁਕਾਨਦਾਰ ਤੇ ਬਦਮਾਸ਼ ਕਿਸਮ ਦੇ ਲੋਕ ਲੱਖਾਂ ਰੁਪਏ ਇਕੱਠਾ ਕਰ ਕੇ ਲੈ ਜਾਂਦੇ ਹਨ ਪਰ ਜਿਸ ਨਗਰ ਨਿਗਮ ਦੀਆਂ ਸੜਕਾਂ 'ਤੇ ਇਹ ਸੰਡੇ ਬਾਜ਼ਾਰ ਲੱਗਦਾ ਹੈ ਉਸ ਨੂੰ ਚੁਆਨੀ ਤੱਕ ਨਹੀਂ ਮਿਲਦੀ, ਹੁਣ ਨਿਗਮ ਨੇ ਆਪਣੀ ਆਮਦਨ ਵਧਾਉਣ ਦੇ ਉਦੇਸ਼ ਨਾਲ ਸੰਡੇ ਬਾਜ਼ਾਰ 'ਤੇ ਤਹਿਬਾਜ਼ਾਰੀ ਫੀਸ ਲਗਾਉਣ ਦਾ ਫੈਸਲਾ ਲਿਆ ਹੈ।

ਬਾਜ਼ਾਰ ਬੰਦ ਕਰਵਾਉਣ ਪਹੁੰਚੀ ਨਿਗਮ ਅਤੇ ਟ੍ਰੈਫਿਕ ਪੁਲਸ ਦੀ ਟੀਮ
ਸੰਡੇ ਬਾਜ਼ਾਰ ਦੇ ਕਾਰਨ ਪ੍ਰਭਾਵਿਤ ਹੋ ਰਹੇ ਸ਼ਹਿਰ ਦੇ ਟ੍ਰੈਫਿਕ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਅੱਜ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਸੁਪਰਡੈਂਟ ਮਨਦੀਪ ਸਿੰਘ ਦੀ ਅਗਵਾਈ 'ਚ ਸੰਡੇ ਬਾਜ਼ਾਰ 'ਤੇ ਦਬਾਅ ਪਾਇਆ, ਜਿਸ ਦੌਰਾਨ ਟ੍ਰੈਫਿਕ ਪੁਲਸ ਦੇ ਅਧਿਕਾਰੀ, ਕਰਮਚਾਰੀ ਅਤੇ ਡਿਵੀਜ਼ਨ ਨੰ. 4 ਦੇ ਐੱਸ. ਐੱਚ. ਓ. ਵੀ ਮੌਜੂਦ ਰਹੇ। ਸਰਕਾਰੀ ਅਧਿਕਾਰੀਆਂ ਨੇ ਸੰਡੇ ਬਾਜ਼ਾਰ ਦੀਆਂ ਫੜੀਆਂ ਨੂੰ ਲੱਗਣ ਤੋਂ ਰੋਕਿਆ। ਜਿਸ ਕਾਰਨ ਦੁਕਾਨਦਾਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਿਗਮ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ। ਮੌਕੇ 'ਤੇ ਖੇਤਰ ਦੇ ਕਾਂਗਰਸੀ ਕੌਂਸਲਰ ਸ਼ੈਰੀ ਚੱਢਾ ਪਹੁੰਚ ਗਏ। ਜਿਨ੍ਹਾਂ ਨੇ ਸੰਡੇ ਬਾਜ਼ਾਰ ਦਾ ਸਿਸਟਮ ਠੀਕ ਨਾ ਹੋਣ ਦੀ ਗੱਲ ਮੰਨਦੇ ਹੋਏ ਇਸ ਗੱਲ 'ਤੇ ਸਮਝੌਤਾ ਕਰਵਾਇਆ ਕਿ ਅਗਲੇ ਹਫਤੇ ਵੀਰਵਰ ਨੂੰ ਸੰਡੇ ਬਾਜ਼ਾਰ ਦੇ ਪ੍ਰਤੀਨਿਧੀਆਂ ਅਤੇ ਨਿਗਮ ਅਧਿਕਾਰੀਆਂ 'ਚ ਇਕ ਬੈਠਕ ਹੋਵੇਗੀ। ਜਿਸ 'ਚ ਸੰਡੇ ਬਾਜ਼ਾਰ ਦੀਆਂ ਫੜ੍ਹੀਆਂ ਅਤੇ ਫੀਸ ਆਦਿ ਬਾਰੇ ਫੈਸਲਾ ਲਿਆ ਜਾਵੇਗਾ।


ਕੌਂਸਲਰ ਸ਼ੈਰੀ ਚੱਢਾ ਨੇ ਦੱਸਿਆ ਕਿ ਨਿਗਮ ਦਫਤਰ ਦੇ ਨਾਲ ਵਿਜੇ ਢਾਬਾ ਦੇ ਸਾਹਮਣੇ ਜੋ ਖਾਲੀ ਜਗ੍ਹਾ ਪਈ ਹੋਈ ਹੈ। ਉਥੇ ਇਨ੍ਹਾਂ ਦੁਕਾਨਦਾਰਾਂ ਨੂੰ ਨਿਸ਼ਚਿਤ ਜਗ੍ਹਾ ਦੇ ਕੇ ਸਮੱਸਿਆ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿਰਫ ਜੋਤੀ ਚੌਕ ਅਤੇ ਰੈਣਕ ਬਾਜ਼ਾਰ ਦੇ ਆਲੇ ਦੁਆਲੇ ਹੀ ਸੰਡੇ ਬਾਜ਼ਾਰ ਵਾਲੇ ਦਿਨ 1000 ਦੇ ਕਰੀਬ ਫੜ੍ਹੀਆਂ ਲੱਗਦੀਆਂ ਹਨ। ਬਾਕੀ ਬਾਜ਼ਾਰਾਂ ਅਤੇ ਹੋਰ ਜਗ੍ਹਾ 'ਤੇ ਜੋ ਸੰਡੇ ਬਾਜ਼ਾਰ ਲੱਗਦਾ ਹੈ ਉਨ੍ਹਾਂ 'ਚ ਲੱਗਣ ਵਾਲੀਆਂ ਅਸਥਾਈ ਦੁਕਾਨਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ।

PunjabKesariਫੜ੍ਹੀਆਂ ਤੋਂ ਹੀ 8000 ਰੁਪਏ ਹਫਤਾ ਕਮਾ ਲੈਂਦੇ ਹਨ ਕਈ ਦੁਕਾਨਦਾਰ
ਸੰਡੇ ਬਾਜ਼ਾਰ ਦੀਆਂ ਫੜ੍ਹੀਆਂ ਸਰਕਾਰੀ ਸੜਕਾਂ 'ਤੇ ਲੱਗਦੀਆਂ ਹਨ ਪਰ ਨਿਗਮ ਨੇ ਅਜੇ ਤੱਕ ਇਨ੍ਹਾਂ ਤੋਂ ਚੁਆਨੀ ਤੱਕ ਦੀ ਕਮਾਈ ਨਹੀਂ ਕੀਤੀ, ਜਿਨ੍ਹਾਂ ਦੁਕਾਨਾਂ ਦੇ ਅੱਗੇ ਫੜ੍ਹੀਆਂ ਲੱਗਦੀਆਂ ਹਨ। ਉਹ ਦੁਕਾਨਦਾਰ 8000 ਰੁਪਏ ਪ੍ਰਤੀ ਹਫਤਾ ਤੱਕ ਦੀ ਕਮਾਈ ਵੀ ਕਰ ਰਹੇ ਹਨ। ਜੋ ਫੜ੍ਹੀਆਂ ਇੱਧਰ ਉਧਰ ਲੱਗਦੀਆਂ ਹਨ ਉਥੋਂ ਹਫਤਾ ਵਸੂਲੀ ਬਦਮਾਸ਼ ਕਿਸਮ ਦੇ ਲੋਕ ਕਰ ਰਹੇ ਹਨ ਅਤੇ ਉਨ੍ਹਾਂ ਦੀ ਵਸੂਲੀ ਵੀ ਲੱਖਾਂ ਰੁਪਏ ਵਿਚ ਪਹੁੰਚ ਜਾਂਦੀ ਹੈ। ਤਹਿਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਨੇ ਦੱਸਿਆ ਕਿ ਜੇਕਰ ਨਿਗਮ ਪਹਿਲੇ ਪੜਾਅ ਵਿਚ ਸੰਡੇ ਬਾਜ਼ਾਰ ਵਿਚ 1000 ਦੁਕਾਨਦਾਰਾਂ ਦੀਆਂ 1500 ਰੁਪਏ ਦੀ ਪਰਚੀ ਵੀ ਕੱਟੇ ਤਾਂ ਨਿਗਮ ਨੂੰ ਹਰ ਹਫਤੇ 15 ਲੱਖ, ਮਹੀਨੇ ਵਿਚ 60-70 ਲੱਖ ਅਤੇ ਸਾਲ ਵਿਚ ਕਰੀਬ 7 ਕਰੋੜ ਰੁਪਏ ਆ ਸਕਦੇ ਹਨ।
PunjabKesari
ਸਹਾਰਨਪੁਰ ਤੱਕ ਤੋਂ ਆ ਕੇ ਲਗਾਉਂਦੇ ਹਨ ਫੜ੍ਹੀਆਂ
ਸੰਡੇ ਬਾਜ਼ਾਰ ਦੇਖਣ ਵਿਚ ਤਾਂ ਕਾਫੀ ਸਸਤਾ ਬਾਜ਼ਾਰ ਲੱਗਦਾ ਹੈ ਪਰ ਇਸ ਸੰਡੇ ਬਾਜ਼ਾਰ ਵਿਚ ਹਰ ਹਫਤੇ ਕਰੋੜਾਂ ਰੁਪਏ ਦੀ ਸੇਲ ਹੁੰਦੀ ਹੈ। ਸਾਰੀ ਸੇਲ ਪਰਚੇਜ਼ 2 ਨੰਬਰ ਦੀ ਹੁੰਦੀ ਹੈ, ਜਿਸ ਕਾਰਨ ਸਰਕਾਰ ਦੇ ਖਜ਼ਾਨੇ ਵਿਚ ਕੋਈ ਪੈਸਾ ਨਹੀਂ ਜਾਂਦਾ। ਸੰਡੇ ਬਾਜ਼ਾਰ ਵਿਚ ਫੜ੍ਹੀਆਂ ਲਗਾਉਣ ਲਈ ਸਹਾਰਨਪੁਰ ਤਕ ਤੋਂ ਦੁਕਾਨਦਾਰ ਹਰ ਹਫਤੇ ਜਲੰਧਰ ਆਉਂਦੇ ਹਨ। ਇਸ ਤੋਂ ਇਲਾਵਾ ਲੁਧਿਆਣਾ, ਖੰਨਾ, ਅੰਮ੍ਰਿਤਸਰ ਤੇ ਹੋਰ ਸ਼ਹਿਰਾਂ ਤੋਂ ਦਰਜਨਾਂ ਦੁਕਾਨਦਾਰ ਸੰਡੇ ਬਾਜ਼ਾਰ ਵਿਚ ਦੁਕਾਨਾਂ ਲਗਾਉਣ ਆਉਂਦੇ ਹਨ। ਇਨ੍ਹਾਂ ਦਾ ਸਾਰਾ ਮਾਲ ਵੀ ਜ਼ਿਆਦਾਤਰ 2 ਨੰਬਰ ਵਿਚ ਹੀ ਆਉਂਦਾ ਅਤੇ ਵਿਕਦਾ ਹੈ।
ਕੰਪਨੀ ਬਾਗ ਦੇ ਨਾਲ ਲੱਗਦੀ ਜਗ੍ਹਾ ਤੋਂ ਕਮਾਈ ਹੋਣੀ ਚਾਹੀਦੀ ਐ : ਸੁਰਿੰਦਰ ਕੌਰ
ਇਸ ਦੌਰਾਨ ਨਗਰ ਨਿਗਮ ਦੀ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੇ ਆਪਣੀ ਮੰਗ ਫਿਰ ਦੋਹਰਾਈ ਹੈ ਕਿ ਕੰਪਨੀ ਬਾਗ ਦੇ ਨਾਲ ਜਿਸ ਜਗ੍ਹਾ 'ਤੇ ਫਿਸ਼ ਐਕਵੇਰੀਅਮ ਪਾਰਕ ਬਣਨਾ ਸੀ ਉਥੇ ਨਿਗਮ ਦੀ ਬਹੁਮੁੱਲੀ ਜ਼ਮੀਨ ਸਾਲਾਂ ਤੋਂ ਖਾਲੀ ਪਈ ਹੈ। ਉਸ ਜਗ੍ਹਾ ਤੋਂ ਨਿਗਮ ਨੂੰ ਲੱਖਾਂ ਕਰੋੜਾਂ ਦੀ ਕਮਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲ ਪਹਿਲਾਂ ਉਨ੍ਹਾਂ ਨੇ ਇਹ ਮਾਮਲਾ ਕੌਂਸਲਰ ਹਾਊਸ ਦੀ ਬੈਠਕ ਵਿਚ ਰੱਖਿਆ ਸੀ ਕਿ ਨਿਗਮ ਨੂੰ ਆਪਣੀ ਖਾਲੀ ਜਗ੍ਹਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਸ ਨਾਲ ਸਫਾਈ ਵੀ ਰਹੇਗੀ ਅਤੇ ਨਿਗਮ ਨੂੰ ਆਮਦਨੀ ਵੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਵਿਜੇ ਢਾਬਾ ਦੇ ਸਾਹਮਣੇ ਪੈਂਦੀ ਜਗ੍ਹਾ 'ਤੇ ਨਿਗਮ ਚੌਪਾਟੀ ਬਣਾ ਦੇਵੇ ਜਾਂ ਸੰਡੇ ਬਾਜ਼ਾਰ ਸ਼ਿਫਟ ਕਰ ਦੇਵੇ ਤਾਂ ਸ਼ਹਿਰ ਦਾ ਵੀ ਭਲਾ ਹੋਵੇਗਾ ਅਤੇ ਨਿਗਮ ਦਾ ਖਜ਼ਾਨਾ ਵੀ ਭਰ ਜਾਵੇਗਾ।


shivani attri

Content Editor

Related News