ਪੰਜਾਬ ਸਟੂਡੈਂਟਸ ਯੂਨੀਅਨ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਨ ਵਿਰੁੱਧ ਕੀਤਾ ਪ੍ਰਦਰਸ਼ਨ
Wednesday, Oct 24, 2018 - 03:21 AM (IST)

ਰੂਪਨਗਰ, (ਵਿਜੇ)- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਰੂਪਨਗਰ ਦੇ ਨੇਡ਼ੇ ਕਸ਼ਮੀਰੀ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਉਨ੍ਹਾਂ ਦੇ ਹੱਕ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲਾ ਪ੍ਰਧਾਨ ਜਗਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਅਤੇ ਦੇਸ਼ ਭਰ ’ਚ ਕਸ਼ਮੀਰੀ ਵਿਦਿਆਰਥੀਆਂ ਦੀ ਬਿਨਾਂ ਵਜ੍ਹਾ ਗ੍ਰਿਫਤਾਰੀਆਂ ਹੋਈਆਂ। ਇਸ ਦੇ ਇਲਾਵਾ ਉਨ੍ਹਾਂ ਨੂੰ ਤਲਾਸ਼ੀਆਂ ਲੈ ਕੇ ਪ੍ਰੇਸ਼ਾਨ ਕੀਤਾ ਗਿਆ। ਜਿਸ ਦੇ ਕਾਰਨ ਜਲੰਧਰ ਤੋਂ ਕਾਫੀ ਕਸ਼ਮੀਰੀ ਵਿਦਿਆਰਥੀ ਆਪਣੀ ਪਡ਼੍ਹਾਈ ਛੱਡ ਕੇ ਵਾਪਸ ਚਲੇ ਗਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਮ ਲੋਕਾਂ ਅਤੇ ਵਿਦਿਆਰਥੀਆਂ ’ਚ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾਵੇ ਤੇ ਦੇਸ਼ ਭਰ ’ਚ ਪਡ਼੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ । ਵਿਦਿਆਰਥੀਆਂ ਨੂੰ ਤੰਗ ਕਰਨ ਵਾਲੇ ਸਿਵਲ ਅਤੇ ਪੁਲਸ ਅਧਿਕਾਰੀਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਸ ਦੇ ਇਲਾਵਾ ਕਸ਼ਮੀਰੀ ਵਿਦਿਆਰਥੀਆਂ ਦੇ ਸਬੰਧ ’ਚ ਸੂਚੀਆਂ ਬਣਾਏ ਜਾਣ ਦੀ ਕਾਰਵਾਈ ’ਤੇ ਵੀ ਰੋਕ ਲਾਈ ਜਾਵੇ। ਇਸ ਮੌਕੇ ਵਿੱਕੀ ਧਮਾਣਾ, ਰੋਹਿਤ ਕੁਮਾਰ, ਸਰਵਜੋਤ ਸਿੰਘ, ਕੁਲਵੀਰ ਸਿੰਘ, ਸਿਮਰਨਜੀਤ ਸਿੰਘ ਅਤੇ ਸਮਰਾਟ ਸਿੰਘ ਮੁੱਖ ਰੂਪ ’ਚ ਮੌਜੂਦ ਸਨ।
ਨਵਾਂਸ਼ਹਿਰ, (ਤ੍ਰਿਪਾਠੀ)-ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀਆਂ ਨੇ ਨਵਾਂਸ਼ਹਿਰ ਦੇ ਰਾਹੋਂ ਰੋਡ ’ਤੇ ਸਥਿਤ ਕਾਲਜ ਦੇ ਬਾਹਰ ਕਸ਼ਮੀਰੀ ਵਿਦਿਆਰਥੀਆਂ ’ਤੇ ਦਰਜ ਕੀਤੇ ਜਾ ਰਹੇ ਮਾਮਲਿਅਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਜ਼ਿਲਾ ਪ੍ਰਧਾਨ ਬਿਕਰਮਜੀਤ ਸਿੰਘ ਕੁੱਲੇਵਾਲ ਤੇ ਵਿਦਿਆਰਥੀ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ ਸਟੇਟ ਯੂਨੀਅਨ ਦੇ ਸੱਦੇ ਤਹਿਤ ਜ਼ਿਲੇ ਦੇ ਕਸਬਿਅਾਂ ਸਥਿਤ ਕਾਲਜਾਂ ’ਚ ਰੋਸ ਪ੍ਰਦਰਸ਼ਨ ਕਰ ਕੇ ਕਸ਼ਮੀਰੀ ਵਿਦਿਆਰਥੀਆਂ ਦੇ ਖਿਲਾਫ ਦਰਜ ਕੀਤੇ ਜਾ ਰਹੇ ਪੁਲਸ ਮਾਮਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਜਲੰਧਰ, ਜ਼ੀਰਕਪੁਰ, ਰਾਜਸਥਾਨ ਤੇ ਮੁਸਲਿਮ ਯੂਨੀਵਰਸਿਟੀ ਅਲੀਗਡ਼੍ਹ ਤੋਂ ਕਸ਼ਮੀਰੀ ਵਿਦਿਆਰਥੀਅਾਂ ਨੂੰ ਹਿਰਾਸਤ ’ਚ ਲੈ ਕੇ ਤਸ਼ੱਦਦ ਕੀਤਾ ਜਾ ਰਿਹਾ ਹੈ। ਵਿਦਿਆਰਥੀਅਾਂ ਕੋਲੋਂ ਕੋਈ ਵੀ ਸ਼ੱਕੀ ਸਮੱਗਰੀ ਨਾ ਮਿਲਣ ਦੇ ਬਾਵਜੂਦ ਜ਼ੁਲਮ ਕੀਤੇ ਜਾ ਰਹੇ ਹਨ। ਯੂਨੀਅਨ ਆਗੂ ਸੁਖਵੀਰ ਸਿੰਘ ਤੇ ਸੁਨੀਲ ਨੇ ਕਿਹਾ ਕਿ ਕਸ਼ਮੀਰੀ ਵਿਦਿਆਰਥੀਆਂ ਦੀ ਵਿਸ਼ੇਸ਼ ਨਿਗਰਾਨੀ ਕਰ ਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਰ.ਐੱਸ.ਐੱਸ. ਭਗਵਾਕਰਨ ਨੂੰ ਨਕੇਲ ਪਾਈ ਜਾਵੇ। ਇਸ ਮੌਕੇ ਅਰਸ਼ਦੀਪ ਸਿੰਘ, ਦੀਪਿਕਾ, ਦੀਕਸ਼ਾ, ਹਰਪ੍ਰੀਤ, ਨਵਪ੍ਰੀਤ, ਸੁਖਵਿੰਦਰ ਸਿੰਘ, ਰੋਹਿਤ ਕੁਮਾਰ ਆਦਿ ਹਾਜ਼ਰ ਸਨ।