ਲੁਟੇਰਿਆਂ ਵੱਲੋਂ ਸਟੇਟ ਬੈਂਕ ਦੇ ਏ. ਟੀ. ਐੱਮ. ਨੂੰ ਲੁੱਟਣ ਦੀ ਅਸਫਲ ਕੋਸ਼ਿਸ਼

05/20/2019 3:23:09 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)— ਲੁਟੇਰਿਆਂ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਸੜਕ 'ਤੇ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਸਾਹਮਣੇ ਭਾਰਤੀ ਸਟੇਟ ਬੈਂਕ ਦੇ ਏ. ਟੀ. ਐੱਮ. ਨੂੰ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਸਰਬਜੀਤ ਸਿੰਘ ਏ. ਐੱਸ. ਆਈ. ਸਿਟੀ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਬੀਤੇ ਦਿਨ ਤੜਕਸਾਰ 3 ਵਜੇ ਦੇ ਕਰੀਬ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਖਾਲਸਾ ਕਾਲਜ ਦੇ ਸਾਹਮਣੇ ਭਾਰਤੀ ਸਟੇਟ ਬੈਂਕ ਦੇ ਏ. ਟੀ. ਐੱਮ. ਦੀ ਭੰਨ-ਤੋੜ ਕਰਨ ਉਪਰੰਤ ਰਿਕਵਰੀ ਵੈਨ ਰਾਹੀਂ ਏ. ਟੀ. ਐੱਮ. ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਨਾਲ ਲੱਗਦੇ ਪਰਿਵਾਰ ਨੂੰ ਜਦੋਂ ਕੁਝ ਟੁੱਟਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਆਪਣੇ ਘਰ ਤੋਂ ਬਾਹਰ ਨਿਕਲੇ, ਜਿਸ ਨੂੰ ਦੇਖ ਕੇ ਲੁਟੇਰੇ ਰਿਕਵਰੀ ਵੈਨ ਨੂੰ ਉਥੇ ਹੀ ਛੱਡ ਕੇ ਭੱਜਣ 'ਚ ਸਫਲ ਹੋ ਗਏ। ਇਸ ਤੋਂ ਬਾਅਦ ਲੁੱਟ ਦੀ ਸਾਰੀ ਜਾਣਕਾਰੀ ਸਥਾਨਕ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਰਿਕਵਰੀ ਵੈਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਜੋ ਕਿ ਰਾਜਪੁਰਾ ਜ਼ਿਲਾ ਪਟਿਆਲਾ ਤੋਂ ਚੋਰੀ ਹੋਈ ਦੱਸੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਲੁਟੇਰਿਆਂ ਦੀ ਗਿਣਤੀ ਤਿੰਨ ਦੱਸੀ ਗਈ ਹੈ। ਲੁਟੇਰਿਆਂ ਨੇ ਮੂੰਹ ਢੱਕੇ ਹੋਏ ਸਨ ਅਤੇ ਸਿਰ 'ਤੇ ਟੋਪੀਆਂ ਪਹਿਨੀਆਂ ਹੋਈਆਂ ਸਨ। ਪੁਲਸ ਵੱਲੋਂ ਲੁਟੇਰਿਆਂ ਖਿਲਾਫ ਭਾਰਤੀ ਦੰਡਵਾਲੀ ਦੀ ਧਾਰਾ 457/380/511/34/427 ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਅੱਜ ਦੀ ਘਟਨਾ ਤੋਂ ਬਾਅਦ ਪਤਾ ਲੱਗਾ ਕਿ ਏ. ਟੀ. ਐੱਮ. 'ਚ 15 ਲੱਖ 61 ਹਜ਼ਾਰ ਦੀ ਰਾਸ਼ੀ ਸਹੀ ਪਾਈ ਗਈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੁਝ ਸਾਲ ਪਹਿਲਾਂ ਵੀ ਇਸੇ ਏ. ਟੀ. ਐੱਮ. 'ਚ ਲੁੱਟ ਹੋਈ ਸੀ, ਜਿਸ ਵਿਚੋਂ ਕਰੀਬ 15 ਲੱਖ ਦੀ ਰਾਸ਼ੀ ਲੁੱਟ ਲਈ ਗਈ ਸੀ ਅਤੇ ਮਸ਼ੀਨ ਗੜ੍ਹਸ਼ੰਕਰ ਵਾਲੇ ਪਹਾੜੀ ਇਲਾਕੇ ਵਿਚੋਂ ਮਿਲੀ ਸੀ।


shivani attri

Content Editor

Related News