ਖੇਡ ਮੰਤਰੀ ਨੇ ਉਭਰਦੇ ਖਿਡਾਰੀਆਂ ਨੂੰ ਵੰਡੀਆਂ ਮੁਫਤ ਖੇਡ ਕਿੱਟਾਂ

Friday, Aug 17, 2018 - 12:47 PM (IST)

ਖੇਡ ਮੰਤਰੀ ਨੇ ਉਭਰਦੇ ਖਿਡਾਰੀਆਂ ਨੂੰ ਵੰਡੀਆਂ ਮੁਫਤ ਖੇਡ ਕਿੱਟਾਂ

ਜਲੰਧਰ, (ਅਮਿਤ)—ਜ਼ਿਲੇ 'ਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੁਤੰਤਰਤਾ ਦਿਵਸ 'ਤੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਆਯੋਜਿਤ ਇਕ ਸਮਾਰੋਹ ਦੌਰਾਨ ਵੱਖ-ਵੱਖ ਉਭਰਦੇ ਖਿਡਾਰੀਆਂ ਨੂੰ ਮੁਫਤ ਖੇਡ ਕਿੱਟਾਂ ਵੰਡੀਆਂ। ਖੇਡ ਮੰਤਰੀ ਨੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਤੇ ਸੀ. ਪੀ. ਪ੍ਰਵੀਨ ਕੁਮਾਰ ਸਿਨਹਾ ਨਾਲ ਮਿਲ ਕੇ 150 ਟਰੈਕ ਸੂਟ, 100 ਹਾਕੀਆਂ, 40 ਫੁੱਟਬਾਲ, 20 ਵਾਲੀਬਾਲ, 10 ਬੈਡਮਿੰਟਨ ਰੈਕੇਟ, 20 ਸ਼ਟਲਾਂ, 10 ਟੇਬਲ ਟੈਨਿਸ ਬੈਟ ਤੇ ਟੇਬਲ ਟੈਨਿਸ ਗੇਂਦਾਂ ਦੇ 20 ਬਾਕਸ ਵੀ ਖਿਡਾਰੀਆਂ ਨੂੰ ਦਿੱਤੇ।
ਖੇਡ ਮੰਤਰੀ, ਜੋ ਕਿ ਖੁਦ ਅੰਤਰਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਰਹੇ ਹਨ ਤੇ ਉਨ੍ਹਾਂ ਨੇ ਵੱਖ-ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਦੇਸ਼ ਦੀ ਅਗਵਾਈ ਕੀਤੀ ਹੈ, ਨੇ ਉਭਰਦੇ ਖਿਡਾਰੀਆਂ ਨਾਲ ਵਿਸਤਾਰਪੂਰਵਕ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਭਰਦੇ ਖਿਡਾਰੀਆਂ ਦੀ ਖੁਰਾਕ, ਪ੍ਰੈਕਟਿਸ ਆਦਿ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤੇ ਜਲਦੀ ਹੀ ਲਾਗੂ ਕੀਤੀ ਜਾ ਰਹੀ ਖੇਡ ਨੀਤੀ 'ਚ ਉਭਰਦੇ ਖਿਡਾਰੀਆਂ ਦੀਆਂ ਜ਼ਰੂਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਖੇਡ ਮੰਤਰੀ ਵੱਲੋਂ ਅੰਗਹੀਣਾਂ ਨੂੰ ਟਰਾਈਸਾਈਕਲ ਤੇ ਜ਼ਰੂਰਤਮੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਕਿਸਾਨ ਊਰਜਾ ਰਾਹਤ ਯੋਜਨਾ ਅਧੀਨ 11 ਲਾਭਪਾਤਰੀਆਂ ਨੂੰ ਵੀ ਸਰਟੀਫਿਕੇਟ ਵੰਡੇ ਗਏ। ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਅਧੀਨ ਜਿਥੇ 60 ਲਾਭਪਾਤਰੀਆਂ ਨੂੰ ਜਾਬ-ਕਾਰਡ ਦਿੱਤੇ ਗਏ। ਉਥੇ ਘਰ-ਘਰ ਯੋਜਨਾ ਅਧੀਨ ਵੀ 60 ਵਿਦਿਆਰਥੀਆਂ ਨੂੰ ਜਾਬ-ਲੈਟਰ ਦਿੱਤੇ ਗਏ। ਇਸ ਮੌਕੇ ਸੁਰੱਖਿਆ ਦਸਤਿਆਂ ਦੀਆਂ ਵੱਖ-ਵੱਖ ਟੁਕੜੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ, ਜਿਸ 'ਚ ਸੀ. ਆਰ. ਪੀ. ਐੱਫ., ਪੰਜਾਬ ਪੁਲਸ, ਕਸਕਾਉਟ ਐਂਡ ਗਾਈਡ, ਆਈ. ਟੀ. ਬੀ. ਪੀ., ਪੰਜਾਬ ਹੋਮ ਗਾਰਡ, ਗਾਰਡੀਅਨ ਆਫ ਗਵਰਨੈਂਸ, ਐੱਨ. ਸੀ. ਸੀ. ਕੈਡੇਟ ਆਦਿ ਸ਼ਾਮਲ ਸਨ। ਮਿਸ਼ਨ ਤੰਤਰੁਸਤ ਪੰਜਾਬ ਤਹਿਤ ਵੀ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ 'ਚ ਹਿੱਸਾ ਲਿਆ ਗਿਆ। ਵੱਖ-ਵੱਖ ਇਲਾਕਿਆਂ 'ਚ ਆਪਣਾ ਬਿਹਤਰੀਨ ਯੋਗਦਾਨ ਦੇਣ ਵਾਲੇ ਵਿਅਕਤੀਆਂ ਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਵਾਲੇ 100 ਦੇ ਲੱਗਭਗ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ।


Related News