ਹਾਜੀਪੁਰ ਦਾਣਾ ਮੰਡੀ 'ਚ ਲਿਫਟਿੰਗ ਦੀ ਸੁਸਤ ਰਫ਼ਤਾਰ, 21 ਹਜ਼ਾਰ ਕੁਇੰਟਲ ਕਣਕ ਅਸਮਾਨ ਹੇਠ ਰੁਲਣ ਲਈ ਮਜਬੂਰ

Tuesday, Apr 28, 2026 - 01:17 AM (IST)

ਹਾਜੀਪੁਰ ਦਾਣਾ ਮੰਡੀ 'ਚ ਲਿਫਟਿੰਗ ਦੀ ਸੁਸਤ ਰਫ਼ਤਾਰ, 21 ਹਜ਼ਾਰ ਕੁਇੰਟਲ ਕਣਕ ਅਸਮਾਨ ਹੇਠ ਰੁਲਣ ਲਈ ਮਜਬੂਰ

ਹਾਜੀਪੁਰ (ਜੋਸ਼ੀ) : ਪੰਜਾਬ ਸਰਕਾਰ ਵੱਲਨ ਹਿਤੈਸ਼ੀ ਹੋਣ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਹਾਜੀਪੁਰ ਦੀ ਦਾਣਾ ਮੰਡੀ ਵਿੱਚ ਸਰਕਾਰੀ ਪ੍ਰਬੰਧਾਂ ਦੀ ਫੋਕੀ ਫੂਕ ਉਸ ਵੇਲੇ ਨਿਕਲ ਗਈ, ਜਦੋਂ ਖਰੀਦ ਕੀਤੀ ਗਈ ਕਣਕ ਦੇ ਅੰਬਾਰ ਮੰਡੀ ਵਿੱਚ ਲੱਗ ਗਏ ਪਰ ਲਿਫਟਿੰਗ ਨਾ ਹੋਣ ਕਾਰਨ ਆੜਤੀਆਂ ਅਤੇ ਕਿਸਾਨਾਂ ਦੀ ਨੀਂਦ ਹਰਾਮ ਹੋ ਗਈ ਹੈ। ਮੰਡੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, 17 ਅਪ੍ਰੈਲ ਤੋਂ ਸ਼ੁਰੂ ਹੋਈ ਖਰੀਦ ਪ੍ਰਕਿਰਿਆ ਦੌਰਾਨ ਹੁਣ ਤੱਕ ਦੇ ਹਲਾਤਾਂ ’ਚ ਹਾਜੀਪੁਰ ਦੀ ਦਾਨਾਂ ਮੰਡੀ ’ਚ ਕੁੱਲ 25 ਹਜ਼ਾਰ ਕੁਇੰਟਲ ਕਣਕ ਦੀ ਖਰੀਦ ਹੋਈ ਹੈ ਲੇਕਿਨ ਲਿਫਟਿੰਗ ਕੇਵਲ 4 ਹਜ਼ਾਰ ਬਾਕੀ 21 ਹਜਾਰ ਕੁਇੰਟਲ ਬਚੀ ਕਣਕ ਦੇ ਮੰਡੀ ’ਚ ਅੰਬਾਰ ਲੱਗੇ ਹੋਏ ਹਨ ਜਿਸ ਕਾਰਣ ਆੜਤੀ ਅਤੇ ਕਿਸਾਨ ਪਰੇਸ਼ਾਨ ਹਨ ਅਤੇ ਸਰਕਾਰ ਦੇ ਪ੍ਰਤੀ ਰੋਸ਼’ਚ ਹਨ। 

PunjabKesari

ਆੜਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਪਰਮਵੀਰ ਸਿੰਘ ਢਾਡੇਕਟਵਾਲ ਅਤੇ ਵਰਿੰਦਰ ਕੁਮਾਰ ਬੱਬੂ ਨੇ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਮੌਸਮ ਵਿਭਾਗ ਵੱਲੋਂ ਖਰਾਬ ਮੌਸਮ ਦਾ ਅਲਰਟ ਜਾਰੀ ਕੀਤਾ ਗਿਆ ਹੈ, ਪਰ ਪ੍ਰਸ਼ਾਸਨ ਫਿਰ ਵੀ ਹਰਕਤ ਵਿੱਚ ਨਹੀਂ ਆ ਰਿਹਾ। ਮੰਡੀ ਵਿੱਚ ਕਣਕ ਦੇ ਅੰਬਾਰ ਲੱਗੇ ਹੋਣ ਕਾਰਨ ਨਵੀਂ ਫ਼ਸਲ ਉਤਾਰਨ ਲਈ ਜਗ੍ਹਾ ਨਹੀਂ ਬਚੀ। ਜੇਕਰ ਬਾਰਿਸ਼ ਹੁੰਦੀ ਹੈ ਤਾਂ ਹਜ਼ਾਰਾਂ ਕੁਇੰਟਲ ਕਣਕ ਖਰਾਬ ਹੋਣ ਦਾ ਡਰ ਹੈ, ਜਿਸ ਦੀ ਸਿੱਧੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ । ਉਹਨਾਂ ਕਿਹਾ ਜੇਕਰ ਜਲਦ ਲਿਫਟਿੰਗ ਨਾ ਕਰਵਾਈ ਗਈ ਤਾਂ ਸਾਨੂੰ ਮਜਬੂਰਨ ਸੰਘਰਸ਼ ਦਾ ਰਾਹ ਚੁਣਨਾ ਪਵੇਗਾ। 

ਸਥਾਨਕ ਆੜਤੀ ਪ੍ਰਸ਼ਾਸਨ ਨੂੰ ਚੇਤਾਵਨੀ 
ਆੜਤੀਆਂ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਲਿਫਟਿੰਗ ਦੀ ਰਫ਼ਤਾਰ ਤੇਜ਼ ਨਾ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਕੁੰਭਕਰਨੀ ਨੀਂਦ ਤੋਂ ਜਾਗਦਾ ਹੈ ਜਾਂ ਕਿਸਾਨ ਦੀ ਮਿਹਨਤ ਮੰਡੀਆਂ ਵਿੱਚ ਹੀ ਰੁਲਦੀ ਰਹੇਗੀ।
 


author

Inder Prajapati

Content Editor

Related News