'ਦਸਤਾਰ ਸਾਡੀ ਰੂਹ ਦੀ ਆਵਾਜ਼': ਦਸਤਾਰ ਮੁਕਾਬਲੇ 'ਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਰਮਨਦੀਪ ਸੋਢੀ
Sunday, Apr 19, 2026 - 07:53 PM (IST)
ਹੁਸ਼ਿਆਰਪੁਰ : ਨੌਜਵਾਨ ਪੀੜ੍ਹੀ ਨੂੰ ਦਸਵੇਂ ਪਾਤਸ਼ਾਹ ਵੱਲੋਂ ਬਖਸ਼ੀ ਗਈ ਵਿਲੱਖਣ ਪਛਾਣ ਅਤੇ ਸਿੱਖੀ ਵਿਰਸੇ ਨਾਲ ਜੋੜਨ ਦੇ ਮਕਸਦ ਨਾਲ ਦੁਆਬਾ ਯੂਥ ਕਲੱਬ ਹੁਸ਼ਿਆਰਪੁਰ ਅਤੇ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਦਸਤਾਰ ਬੰਨ੍ਹਣ ਦੇ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿੱਚ 135 ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸੁੰਦਰ ਦਸਤਾਰਾਂ ਸਜਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।

ਇਸ ਸਮਾਗਮ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਦਸਤਾਰ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਦਸਤਾਰ ਸਿਰਫ਼ ਸਾਡੇ ਸਿਰ ਦੀ ਸ਼ੋਭਾ ਨਹੀਂ, ਸਗੋਂ ਇਹ ਸਾਡੀ 'ਰੂਹ ਦੀ ਆਵਾਜ਼' ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਦਸਤਾਰ ਸਾਨੂੰ ਸਿਰਫ਼ ਪਹਿਨਣ ਲਈ ਨਹੀਂ, ਸਗੋਂ ਇਕ ਆਦਰਸ਼ ਜੀਵਨ ਜਿਊਣ ਲਈ ਬਖ਼ਸ਼ੀ ਸੀ। ਇਹ ਸਾਡੀ ਆਜ਼ਾਦੀ, ਬਰਾਬਰੀ ਅਤੇ ਹਿੰਮਤ ਦਾ ਪ੍ਰਤੀਕ ਹੈ।

ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਮੁਕਾਬਲੇ 'ਚ ਹਿੱਸਾ ਲੈ ਰਹੇ ਬੱਚੇ ਸਿਰਫ਼ ਮੁਕਾਬਲਾ ਨਹੀਂ ਕਰ ਰਹੇ, ਸਗੋਂ ਦਸਵੇਂ ਪਾਤਸ਼ਾਹ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਰਮਨਦੀਪ ਸੋਢੀ ਨੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਇਸੇ ਦਸਤਾਰ ਨੇ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਪਛਾਣ ਬਖ਼ਸ਼ੀ ਹੈ ਅਤੇ ਅੱਜ ਇਸ ਸਮਾਗਮ 'ਚ ਸ਼ਾਮਲ ਹੋਣ ਦਾ ਸਬੱਬ ਵੀ ਇਸੇ ਸਦਕਾ ਬਣਿਆ ਹੈ।

ਰਮਨਦੀਪ ਸੋਢੀ ਨੇ ਸਮਾਗਮ ਦੌਰਾਨ ਅੱਗੇ ਬੋਲਦੇ ਕਿਹਾ ਕਿ ਅਰਬਪਤੀਆਂ ਨੂੰ ਵੀ 'ਸਰਦਾਰ' ਕਹਾਉਣ ਲਈ ਬਹੁਤ ਯਤਨ ਕਰਨੇ ਪੈਂਦੇ ਹਨ ਪਰ ਇਕ ਦਸਤਾਰਧਾਰੀ ਭਾਵੇਂ ਮਾਲੀ ਤੌਰ 'ਤੇ ਅਮੀਰ ਨਾ ਵੀ ਹੋਵੇ, ਦੁਨੀਆ ਉਸ ਨੂੰ 'ਸਰਦਾਰ' ਕਹਿ ਕੇ ਹੀ ਸਤਿਕਾਰ ਦਿੰਦੀ ਹੈ। ਸਮਾਗਮ ਦੇ ਅੰਤ 'ਚ ਰਮਨਦੀਪ ਸਿੰਘ ਸੋਢੀ ਨੇ ਪਰਮਿੰਦਰ ਸਿੰਘ ਅਤੇ ਸਮੁੱਚੀ ਪ੍ਰਬੰਧਕ ਟੀਮ ਨੂੰ ਵਧਾਈ ਦਿੱਤੀ ਅਤੇ ਇਸ ਨੇਕ ਸੇਵਾ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਦਸਤਾਰ ਸਾਨੂੰ ਦਇਆ, ਸੱਚ, ਤਿਆਗ ਅਤੇ ਜ਼ਿੰਮੇਵਾਰੀ ਦੀ ਭਾਵਨਾ ਸਿਖਾਉਂਦੀ ਹੈ। ਇਹ ਸੇਵਾ ਸਾਲ 2004 'ਚ ਸਰਦਾਰ ਅਜਵਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਹੁਣ ਉਨ੍ਹਾਂ ਦਾ ਪਰਿਵਾਰ ਅਤੇ ਟੀਮ ਨਿਰੰਤਰ ਜਾਰੀ ਰੱਖ ਰਹੀ ਹੈ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ।





ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
