ਭਰਾ-ਭੈਣ ਵੇਚ ਰਹੇ ਸਨ ਨਸ਼ੇ ਵਾਲੀਆਂ ਦਵਾਈਆਂ, ਭੈਣ ਗ੍ਰਿਫ਼ਤਾਰ

06/30/2022 3:30:12 PM

ਜਲੰਧਰ (ਜ. ਬ.)-ਦਿਹਾਤੀ ਇਲਾਕੇ ਵਿਚ ਐਲਪਰਾਜ਼ੋਮ ਅਤੇ ਟਰਾਮਾਡੋਲ (ਨਸ਼ੇ ਵਾਲੀਆਂ ਦਵਾਈਆਂ) ਵੇਚਣ ਵਾਲੇ ਭਰਾ-ਭੈਣ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਕਮਿਸ਼ਨਰੇਟ ਪੁਲਸ ਨੇ ਮੁਲਜ਼ਮ ਭੈਣ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦਾ ਭਰਾ ਮੌਕੇ ਤੋਂ ਫ਼ਰਾਰ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਭੈਣ ਨੂੰ ਕੋਰਟ ਵਿਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਲਿਆ ਹੈ। ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਿਸਆ ਕਿ ਏ. ਡੀ. ਸੀ. ਪੀ. ਸਿਟੀ-2 ਹਰਪਾਲ ਸਿੰਘ ਰੰਧਾਵਾ ਨੂੰ ਗੁਪਤ ਇਨਪੁੱਟ ਮਿਲੀ ਸੀ ਕਿ ਜੰਡਿਆਲਾ ਇਲਾਕੇ ’ਚ ਰਹਿੰਦੇ ਭੈਣ-ਭਰਾ ਘਰ ਵਿਚ ਹੀ ਨਸ਼ੇ ਵਾਲੀਆਂ ਦਵਾਈਆਂ ਵੇਚਦੇ ਹਨ, ਜੋ ਸਰਕਾਰ ਵੱਲੋਂ ਬੈਨ ਕੀਤੀਆਂ ਗਈਆਂ ਹਨ ਅਤੇ ਬਿਨਾਂ ਡਾਕਟਰ ਦੀ ਸਲਾਹ ਦੇ ਨਹੀਂ ਖਰੀਦੀਆਂ ਜਾ ਸਕਦੀਆਂ। ਇਸ ’ਤੇ ਏ. ਸੀ. ਪੀ. ਰਵਿੰਦਰ ਿਸੰਘ ਅਤੇ ਐੱਸ. ਐੱਚ. ਓ. ਕੈਂਟ ਅਜਾਇਬ ਿਸੰਘ ਦੀ ਟੀਮ ਨੇ ਟਰੈਪ ਲਗਾ ਕੇ ਜੰਡਿਆਲਾ ਇਲਾਕੇ ਵਿਚ ਰੇਡ ਕੀਤੀ ਤਾਂ ਪ੍ਰਵੀਨ ਅਖਤਰ ਪੁੱਤਰ ਅਖ਼ਤਰ ਹੁਸੀਨ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਉਸ ਦਾ ਭਰਾ ਮੁਹੰਮਦ ਸਲੀਮ ਅਖ਼ਤਰ ਮੌਕੇ ਤੋਂ ਫਰਾਰ ਹੋ ਗਿਆ।

ਘਰ ’ਚ ਕੀਤੀ ਗਈ ਤਲਾਸ਼ੀ ਦੌਰਾਨ 2400 ਨਸ਼ੇ ਵਾਲੀਆਂ ਗੋਲੀਆਂ ਐਲਪਰਾਜ਼ੋਮ ਅਤੇ 4500 ਟਰਾਮਾਡੋਲ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਭੈਣ ਪ੍ਰਵੀਨ ਅਖਤਰ ਨੂੰ ਤੁਰੰਤ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਸਦਾ ਭਰਾ ਪ੍ਰਾਈਵੇਟ ਬੱਸ ਕੰਪਨੀ ਵਿਚ ਡਰਾਈਵਰ ਹੈ ਅਤੇ ਉਹ ਖੁਦ ਘਰੇਲੂ ਕੰਮਕਾਜ ਕਰਦੀ ਹੈ, ਜਿਸ ਦੀ ਆੜ ਵਿਚ ਉਹ ਇਨ੍ਹਾਂ ਦਵਾਈਆਂ ਨੂੰ ਵੇਚਦੀ ਹੈ। ਪੁਲਸ ਮੁਤਾਬਕ ਮੁਲਜ਼ਮ ਭਰਾ ਦੀ ਤਲਾਸ਼ ਵਿਚ ਰੇਡ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
 


Manoj

Content Editor

Related News